ਕੋਰੋਨਾ ਟੀਕਾਕਰਨ ਖ਼ਿਲਾਫ਼ ਕੈਨੇਡਾ ''ਚ ਵਿਰੋਧ ਪ੍ਰਦਰਸ਼ਨ ਜਾਰੀ, ਟਰੂਡੋ ਦੇ ਅਸਤੀਫ਼ੇ ਦੀ ਮੰਗ
Wednesday, Feb 02, 2022 - 06:52 PM (IST)
ਟੋਰਾਂਟੋ (ਭਾਸ਼ਾ): ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕੋਵਿਡ-19 ਸੰਬੰਧੀ ਪਾਬੰਦੀਆਂ ਅਤੇ ਟੀਕੇ ਸੰਬੰਧੀ ਆਦੇਸ਼ ਦੇ ਵਿਰੁੱਧ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ 'ਪਾਰਲੀਆਮੈਂਟ ਹਿਲ' ਦੇ ਆਲੇ-ਦੁਆਲੇ ਜਾਣਬੁੱਝ ਕੇ ਆਵਾਜਾਈ ਨੂੰ ਰੋਕਿਆ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ‘ਨੈਸ਼ਨਲ ਵਾਰ ਮੈਮੋਰੀਅਲ’ ਵਿੱਚ ਯੂਰਿਨ ਪਾਸ ਕੀਤਾ ਅਤੇ ਵਾਹਨ ਖੜ੍ਹੇ ਕੀਤੇ। ਇੱਕ ਵਿਅਕਤੀ 'ਟੂਮ ਆਫ ਦ ਅਨਨੋਨ ਸੋਲਜਰ' 'ਤੇ ਖੜ੍ਹੇ ਹੋ ਕੇ ਨੱਚਿਆ। ਗਲੋਬਲ ਮਹਾਮਾਰੀ ਨਾਲ ਨਜਿੱਠਣ ਸਬੰਧੀ ਆਦੇਸ਼ਾਂ ਨੂੰ ਲੈਕੇ ਕੈਨੇਡਾ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਦੇ ਬਾਅਦ ਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਹੋਰ ਲੋਕਾਂ ਦੀ ਹਮਦਰਦੀ ਨਹੀਂ ਮਿਲੀ।
ਕੈਨੇਡਾ ਵਿੱਚ 80 ਫ਼ੀਸਦੀ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਦੇ ਇਤਰਾਜ਼ਯੋਗ ਵਿਵਹਾਰ ਤੋਂ ਕਈ ਲੋਕ ਨਾਰਾਜ਼ ਹੋ ਗਏ। ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੇ ਕਿਹਾ ਕਿ ਓਟਾਵਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਲੋਕ ਘੱਟ ਗਿਣਤੀ ਦੇ ਹਨ। ਪ੍ਰਦਰਸ਼ਨ ਦੌਰਾਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਅਣਜਾਣ ਸਥਾਨ 'ਤੇ ਚਲੇ ਗਏ। ਉਹਨਾਂ ਦੇ ਦੋ ਬੱਚੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਅਤੇ ਮੰਗਲਵਾਰ ਨੂੰ ਆਈ ਜਾਂਚ ਰਿਪੋਰਟ ਵਿੱਚ ਉਨ੍ਹਾਂ ਦੇ ਵੀ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਟਰੂਡੋ ਨੇ ਕਿਹਾ ਕਿ ਉਹ ਠੀਕ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸਿੰਧ ਸੂਬੇ 'ਚ ਹਿੰਦੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਪ੍ਰਦਰਸ਼ਨਕਾਰੀਆਂ ਨੇ ਲਗਾਇਆ ਜਾਮ
ਕੀਤੀ ਟਰੂਡੋ ਦੇ ਅਸਤੀਫੇ ਦੀ ਮੰਗ
ਕੁਝ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਵੀ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਟੀਕਿਆਂ ਸੰਬੰਧੀ ਸਾਰੇ ਹੁਕਮ ਅਤੇ ਹੋਰ ਪਾਬੰਦੀਆਂ ਵਾਪਸ ਨਹੀਂ ਲਈਆਂ ਜਾਂਦੀਆਂ, ਉਦੋਂ ਤੱਕ ਉਹ ਨਹੀਂ ਹਟਣਗੇ। ਉਨ੍ਹਾਂ ਨੇ ਟਰੂਡੋ ਸਰਕਾਰ ਨੂੰ ਹਟਾਏ ਜਾਣ ਦੀ ਮੰਗ ਵੀ ਕੀਤੀ ਹੈ, ਜਦੋਂ ਕਿ ਜ਼ਿਆਦਾਤਰ ਪਾਬੰਦੀਆਂ ਸੂਬਾਈ ਸਰਕਾਰ ਨੇ ਲਾਗੂ ਕੀਤੀਆਂ ਹਨ। ਕਈ ਪ੍ਰਦਰਸ਼ਨੀਆਂ ਨੇ ਹੋਟਲ, ਮਾਲ ਅਤੇ ਕਰਿਆਨੇ ਦੀਆਂ ਦੁਕਾਨਾਂ ਵਿੱਚ ਮਾਸਕ ਪਾਉਣ ਤੋਂ ਇਨਕਾਰ ਕੀਤਾ। ਪ੍ਰਦਰਸ਼ਨਕਾਰੀ ਮਿਸ਼ੇਲ ਕਲੋਏਟ (47) ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੈਨੇਡਾ ਅਤੇ ਦੁਨੀਆ ਦੇ ਬਾਕੀ ਦੇਸ਼ ਵਾਇਰਸ ਨਾਲ ਨਜਿੱਠਣ ਲਈ ਕੋਈ ਹੋਰ ਤਰੀਕਾ ਲੱਭਣ।
ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਨਾਇਕ ਸਮਝੇ ਜਾਣ ਵਾਲੇ ਐਥਲੀਟ ਟੈਰੀ ਫੌਕਸ ਦੇ ਬੁੱਤ ਨੂੰ ਕੈਨੇਡਾ ਦੇ ਉਲਟੇ ਝੰਡੇ ਵਿਚ ਲਪੇਟ ਦਿੱਤਾ। ਹੱਡੀਆਂ ਦੇ ਕੈਂਸਰ ਕਾਰਨ ਫੌਕਸ ਨੇ ਆਪਣਾ ਇਕ ਪੈਰ ਗਵਾ ਦਿੱਤਾ ਸੀ। ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਮੇਰੇ ਬੱਚੇ ਹੈਰਾਨ ਹਨ। ਸਾਰੇ ਕੈਨੇਡਾਈ ਨੌਜਵਾਨਾਂ ਦੀ ਤਰ੍ਹਾਂ ਵੀ ਉਹ ਵੀ ਟੈਰੀ ਫੌਕਸ ਨੂੰ ਆਪਣਾ ਨਾਇਕ ਸਮਝਦੇ ਹੋਏ ਵੱਡੇ ਹੋਏ ਹਨ। ਇਹ ਉਹ ਕੈਨੇਡਾ ਨਹੀਂ ਹੈ ਜਿੱਥੇ ਅਸੀਂ ਰਹਿਣਾ ਚਾਹੁੰਦੇ ਹਾਂ। ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਛੂਤਕਾਰੀ ਰੋਗ ਮਾਹਰ ਡਾਕਟਰ ਪੀਟਰ ਹੋਟੇਜ ਨੇ ਵੀ ਪ੍ਰਦਰਸ਼ਨਾਂ ਦੀ ਨਿੰਦਾ ਕੀਤੀ।
ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।