ਕੈਨੇਡਾ ''ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, ਇਹ ਸੂਬੇ ਵਧੇਰੇ ਪ੍ਰਭਾਵਿਤ
Monday, Sep 28, 2020 - 09:38 AM (IST)
ਓਟਾਵਾ- ਕੈਨੇਡਾ ਵਿਚ ਐਤਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ 1,53,125 ਹੋ ਗਈ ਹੈ ਅਤੇ ਇਸ ਦੇ ਨਾਲ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 9,268 ਹੋ ਗਈ ਹੈ। ਕਿਊਬਿਕ ਸੂਬੇ ਵਿਚ ਐਤਵਾਰ ਨੂੰ 896 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਕ ਦਿਨ ਪਹਿਲਾਂ ਇੱਥੋਂ 698 ਮਾਮਲੇ ਦਰਜ ਹੋਏ ਸਨ। 6 ਮਈ ਤੋਂ ਬਾਅਦ ਹੁਣ ਕੋਰੋਨਾ ਦੇ ਰੋਜ਼ਾਨਾ ਦੇ ਅੰਕੜਿਆਂ ਵਿਚ ਵਾਧਾ ਹੋ ਰਿਹਾ ਹੈ। ਕਿਊਬਿਕ ਵਿਚ ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 71,901 ਹੋ ਗਈ ਜਦਕਿ ਇੱਥੇ 5,825 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਊਬਿਕ ਅਤੇ ਓਂਟਾਰੀਓ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ।
ਓਂਟਾਰੀਓ ਸੂਬਾ ਵੀ ਕੋਰੋਨਾ ਦੀ ਭਾਰੀ ਮਾਰ ਝੱਲ ਰਿਹਾ ਹੈ। ਇੱਥੇ ਐਤਵਾਰ ਨੂੰ 491 ਮਾਮਲੇ ਦਰਜ ਕੀਤੇ ਗਏ ਜਦਕਿ ਸ਼ਨੀਵਾਰ ਨੂੰ 435 ਨਵੇਂ ਮਾਮਲੇ ਦਰਜ ਹੋਏ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਹਸਪਤਾਲ ਵਿਚ 112 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਹਾਲਾਂਕਿ ਸ਼ਨੀਵਾਰ ਨੂੰ 100 ਲੋਕ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ।
ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਸੂਬੇ ਵਲੋਂ ਅਜੇ ਕੋਰੋਨਾ ਪੀੜਤਾਂ ਦਾ ਵੀਕਐਂਡ ਦਾ ਡਾਟਾ ਸਾਂਝਾ ਨਹੀਂ ਕੀਤਾ ਗਿਆ, ਇਸ ਕਾਰਨ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ ਦਰਜ ਡਾਟੇ ਨਾਲੋਂ ਵੱਧ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇਦਿਨੀਂ ਇਕ ਬਿਆਨ ਵਿਚ ਕਿਹਾ ਸੀ ਕਿ ਦੇਸ਼ ਦੇ ਵੱਡੇ 4 ਸੂਬਿਆਂ ਵਿਚ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਚੁੱਕਾ ਹੈ।