ਕੈਨੇਡਾ : 4 ਵਿਆਹ ਸਮਾਗਮਾਂ ''ਚ ਸ਼ਾਮਲ ਹੋਏ 23 ਮਹਿਮਾਨ ਹੋਏ ਕੋਰੋਨਾ ਦੇ ਸ਼ਿਕਾਰ
Tuesday, Sep 08, 2020 - 11:20 AM (IST)
ਟੋਰਾਂਟੋ- ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਏ ਵਿਚ 4 ਵਿਆਹ ਸਮਾਗਮਾਂ ਵਿਚ ਸ਼ਾਮਲ ਹੋਏ 23 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਇਨ੍ਹਾਂ ਵਿਚ ਟੋਰਾਂਟੋ ਦੇ ਗੁਰਦੁਆਰਾ ਸਾਹਿਬ ਤੇ ਮੰਦਰ ਵਿਚ ਹੋਏ ਵਿਆਹ ਸਮਾਗਮਾਂ ਵਿਚ ਸ਼ਾਮਲ ਹੋਏ ਲੋਕ ਵੀ ਹਨ।
ਦੋ ਦਿਨ ਪਹਿਲਾਂ ਯਾਰਕ ਰੀਜਨ ਪਬਲਿਕ ਸਿਹਤ ਵਿਭਾਗ ਨੇ 11 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਇਹ ਗਿਣਤੀ 23 ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 28 ਅਤੇ 29 ਅਗਸਤ ਨੂੰ 4 ਥਾਵਾਂ 'ਤੇ ਹੋਏ ਵਿਆਹ ਸਮਾਗਮਾਂ ਵਿਚ ਕੁਝ ਵਿਅਕਤੀ ਕੋਰੋਨਾ ਦੇ ਸ਼ਿਕਾਰ ਹੋਏ।
ਰਿਪਰੋਟਾਂ ਮੁਤਾਬਕ 28 ਅਗਸਤ ਨੂੰ ਲਕਸ਼ਮੀ ਨਾਰਾਇਣ ਮੰਦਰ (1 ਮਾਰਿਨੰਗ ਟਰਾਇਲ), ਰੈਕਸਡੇਲ ਸਿੰਘ ਸਭਾ ਰੀਲੀਜੀਅਸ ਸੈਂਟਰ ਗੁਰਦੁਆਰਾ ਸਾਹਿਬ (47 ਬੇਅਵੁੱਡ ਰੋਡ), ਵ੍ਹਿਟਚਰਚ-ਸਟੂਫਵਿਲੇ ਵਿਖੇ ਅਤੇ 29 ਅਗਸਤ ਨੂੰ ਮਾਰਖਮ ਦੇ ਨਿੱਜੀ ਰਿਹਾਇਸ਼ ਵਿਖੇ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਵਿਚੋਂ ਕੁਝ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ 18 ਲੋਕ ਯਾਰਕ ਰੀਜਨ, 4 ਦੁਰਹਾਮ ਰੀਜਨ ਅਤੇ 1 ਵਿਅਕਤੀ ਪੀਲ ਰੀਜਨ ਇਲਾਕੇ ਦਾ ਰਹਿਣ ਵਾਲਾ ਹੈ। ਯਾਰਕ ਰੀਜਨਲ ਸਿਹਤ ਵਿਭਾਗ ਨੇ ਕਿਹਾ ਕਿ ਜੋ ਲੋਕ ਇਨ੍ਹਾਂ ਵਿਆਹਾਂ ਵਿਚ ਸ਼ਾਮਲ ਹੋਏ ਉਹ 14 ਸਤੰਬਰ ਤੱਕ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਤੇ ਕੋਰੋਨਾ ਦਾ ਕੋਈ ਵੀ ਲੱਛਣ ਦਿਖਾਈ ਦੇਣ 'ਤੇ ਇਕਾਂਤਵਾਸ ਹੋ ਜਾਣ।