ਕੈਲਗਰੀ ਦੇ ਮੀਟ ਪਲਾਂਟ ''ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ

08/29/2020 3:38:09 PM

ਕੈਲਗਰੀ- ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਇਕ ਮੀਟ ਪਲਾਂਟ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ ਇਸ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। 

ਉੱਤਰੀ ਕੈਲਗਰੀ ਵਿਚ ਸਥਿਤ ਹਾਰਮਨੀ ਬੀਫ ਪਲਾਂਟ ਵਿਚ 38 ਲੋਕ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚੋਂ 2 ਲੋਕ ਸਿਹਤਯਾਬ ਹੋ ਚੁੱਕੇ ਹਨ ਜਦਕਿ 36 ਲੋਕ ਅਜੇ ਕੋਰੋਨਾ ਦੀ ਲਪੇਟ ਵਿਚ ਹਨ। ਸ਼ੁੱਕਰਵਾਰ ਨੂੰ ਇੱਥੇ 158 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 36 ਇਸ ਮੀਟ ਪਲਾਂਟ ਦੇ ਹੀ ਕਾਮੇ ਹਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ਜਦ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਤਾਂ ਇੱਥੇ ਇਸ ਦੇ 36 ਮਾਮਲੇ ਸਾਹਮਣੇ ਆਏ ਸਨ। 

ਫਿਲਹਾਲ ਪਲਾਂਟ ਨੂੰ 14 ਦਿਨਾਂ ਲਈ ਬੰਦ ਕਰਨ ਲਈ ਕਿਹਾ ਗਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਸ ਸਮੇਂ ਸੂਬੇ ਵਿਚ 1,185 ਲੋਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ ਅਤੇ 12,054 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਚੁੱਕੇ ਹਨ। ਸ਼ੁੱਕਰਵਾਰ ਦੁਪਹਿਰ ਤੱਕ 44 ਲੋਕ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਸਨ ਜਦਕਿ ਇਨ੍ਹਾਂ ਵਿਚੋਂ 7 ਆਈ. ਸੀ. ਯੂ. ਵਾਰਡ ਵਿਚ ਭਰਤੀ ਹਨ। ਸੂਬੇ ਵਿਚ 237 ਲੋਕ ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਸੂਬਾ ਹੁਣ ਤੱਕ 9,33,000 ਲੋਕਾਂ ਦੇ ਟੈਸਟ ਕਰ ਚੁੱਕਾ ਹੈ। 
 


Lalita Mam

Content Editor

Related News