ਕੋਵਿਡ-19 ਟੀਕੇ ਲਗਵਾਉਣ ਨੂੰ ਲੈ ਕੇ ਵਿਵਾਦ, ਹਿਊਸਟਨ ’ਚ 150 ਤੋਂ ਜ਼ਿਆਦਾ ਕਰਮਚਾਰੀਆਂ ਦੀ ਗਈ ਨੌਕਰੀ
Wednesday, Jun 23, 2021 - 12:30 PM (IST)
ਡਲਾਸ/ਅਮਰੀਕਾ (ਭਾਸ਼ਾ) : ਅਮਰੀਕਾ ਵਿਚ ਹਿਊਸਟਨ ਦੇ ਇਕ ਹਸਪਤਾਲ ਵਿਚ ਕੋਵਿਡ-19 ਟੀਕਾ ਲਗਵਾਉਣ ਤੋਂ ਇਨਕਾਰ ਕਰਨ ਵਾਲੇ 150 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਜਾਂ ਤਾਂ ਪ੍ਰਸ਼ਾਸਨ ਨੇ ਕੱਢ ਦਿੱਤਾ ਜਾਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਕ ਜੱਜ ਨੇ ਟੀਕੇ ਦੀ ਜ਼ਰੂਰਤ ’ਤੇ ਕਰਮਚਾਰੀਆਂ ਵੱਲੋਂ ਦਾਇਰ ਮੁਕੱਦਮੇ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਦੇ ਬਾਅਦ ਇਹ ਕਦਮ ਚੁੱਕੇ ਗਏ।
‘ਹਿਊਸਟਨ ਮੇਥੋਡਿਸਟ’ ਹਸਪਤਾਲ ਦੇ ਇਕ ਬੁਲਾਰੇ ਨੇ ਦੱਸਿਆ ਕਿ 153 ਕਰਮਚਾਰੀਆਂ ਨੇ 2 ਹਫ਼ਤਿਆਂ ਦੀ ਮੁਹੱਤਲੀ ਦੀ ਮਿਆਦ ਵਿਚ ਜਾਂ ਤਾਂ ਅਸਤੀਫ਼ਾ ਦੇ ਦਿੱਤਾ ਜਾਂ ਮੰਗਲਵਾਰ ਨੂੰ ਉਨ੍ਹਾਂ ਨੂੰ ਕੱਢ ਦਿੱਤਾ ਗਿਆ। ਕੋਰੋਨਾ ਵਾਇਰਸ ਖ਼ਿਲਾਫ਼ ਮਰੀਜ਼ਾਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਲਈ ਸਿਹਤ ਦੇਖ਼ਭਾਲ ਸੰਸਥਾਵਾਂ ਕੀ ਕਰ ਸਕਦੀਆਂ ਹਨ, ਇਸ ਸੰਦਰਭ ਵਿਚ ਮਾਮਲੇ ਨੂੰ ਕਰੀਬ ਤੋਂ ਦੇਖਿਆ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਪਰ ਇਸ ‘ਤੇ ਚਰਚਾ ਅਜੇ ਸਮਾਪਤ ਨਹੀਂ ਹੋਈ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਸੰਘੀ ਜੱਜ ਨੇ ਟੀਕਾਕਰਨ ਦੀ ਜ਼ਰੂਰਤ ਨੂੰ ਲੈ ਕੇ 177 ਕਰਮਚਾਰੀਆਂ ਵੱਲੋਂ ਦਾਇਰ ਮੁਕੱਦਮੇ ਨੂੰ ਖ਼ਾਰਜ ਕਰ ਦਿੱਤਾ ਸੀ। ਅਮਰੀਕੀ ਜ਼ਿਲ੍ਹਾ ਜੱਜ ਲਿਨ ਹਿਊਜੇਸ ਨੇ 12 ਜੂਨ ਨੂੰ ਮੁਕੱਦਮਾ ਖ਼ਾਰਜ ਕਰਦੇ ਹੋਏ ਕਿਹਾ ਸੀ ਕਿ ਮੁਕੱਦਮੇ ਵਿਚ ਟੀਕੇ ਦੇ ਪ੍ਰਯੋਗਾਤਮਕ ਅਤੇ ਖ਼ਤਰਨਾਕ ਹੋਣ ਦੇ ਦਾਅਵੇ ਗਲਤ ਹਨ। ਜੇਕਰ ਉਸ ਦੇ ਕਰਮਚਾਰੀਆਂ ਨੂੰ ਇਹ ਮਨਜ਼ੂਰ ਨਹੀਂ ਹੈ ਤਾਂ ਉਹ ਕਿਤੇ ਹੋਰ ਕੰਮ ਕਰ ਸਕਦੇ ਹਨ। ਅਮਰੀਕਾ ਵਿਚ ਸਭ ਤੋਂ ਪਹਿਲਾਂ ਹਿਊਸਟਨ ਹਸਪਤਾਲ ਪ੍ਰਣਾਲੀ ਨੇ ਹੀ ਅਪ੍ਰੈਲ ਵਿਚ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਦਾ ਫ਼ੈਸਲਾ ਕੀਤਾ ਸੀ।