ਕੋਵਿਡ-19 : ਸਪੇਨ ਨੇ ਕੁਝ ਖੇਤਰਾਂ ਨੂੰ ਲੌਕਡਾਊਨ ਤੋਂ ਦਿੱਤੀ ਛੋਟ
Monday, Apr 13, 2020 - 09:33 PM (IST)

ਮੈਡ੍ਰਿਡ (ਏਜੰਸੀਆਂ)- ਸੋਮਵਾਰ ਦਾ ਦਿਨ ਸਪੇਨ ਲਈ ਦੋ ਚੰਗੀਆਂ ਖਬਰਾਂ ਲੈ ਕੇ ਆਇਆ। ਇਕ ਤਾਂ ਸਰਕਾਰ ਨੇ ਕੁਝ ਪਾਬੰਦੀਆਂ ਦੇ ਨਾਲ ਕੰਸਟਰੱਕਸ਼ਨ ਅਤੇ ਮੈਨਿਊਫੈਕਚਰਿੰਗ ਖੇਤਰ ਨੂੰ ਲੌਕਡਾਊਨ ਤੋਂ ਛੋਟ ਦਿੱਤੀ। ਉਥੇ ਹੀ ਕੋਰੋਨਾ ਨਾਲ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਅਤੇ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਿ ਕਾਫੀ ਕਮੀ ਦੇਖੀ ਗਈ। ਸਪੇਨ ਵਿਚ 30 ਮਾਰਚ ਨੂੰ ਲੌਕਡਾਊਨ ਨੂੰ ਸਖ਼ਤ ਕਰਦੇ ਹੋਏ ਸਾਰੇ ਗੈਰ ਜ਼ਰੂਰੀ ਗਤੀਵਿਧੀਆਂ 'ਤੇ ਦੋ ਹਫਤੇ ਤੱਕ ਰੋਕ ਲਗਾ ਦਿੱਤੀ ਗਈ ਸੀ।
ਪਿਛਲੇ ਹਫਤੇ ਲਗਾਤਾਰ ਤਿੰਨ ਦਿਨ ਮ੍ਰਿਤਕਾਂ ਦੀ ਗਿਣਤੀ ਵਿਚ ਕਮੀ ਦੇਖੀ ਗਈ ਸੀ। ਹਾਲਾਂਕਿ ਐਤਵਾਰ ਨੂੰ ਇਹ ਗਿਣਤੀ ਵੱਧੀ, ਪਰ ਸੋਮਵਾਰ ਨੂੰ ਇਸ ਵਿਚ ਇਕ ਵਾਰ ਫਿਰ ਕਮੀ ਆਈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 517 ਲੋਕਾਂ ਦੀ ਮੌਤ ਹੋਈ ਅਤੇ ਇਨਫੈਕਸ਼ਨ ਦੇ 3477 ਮਾਮਲੇ ਦਰਜ ਕੀਤੇ। ਪਿਛਲੇ 20 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਨਫੈਕਸ਼ਨ ਦੇ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ। ਦੇਸ਼ ਵਿਚ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ ਇਕ ਲੱਖ 70 ਹਜ਼ਾਰ ਦੇ ਕਰੀਬ ਪਹੁੰਚ ਰਹੀ ਹੈ।
ਕੰਸਟਰੱਕਸ਼ਨ ਅਤੇ ਮੈਨਿਊਫੈਕਚਰਿੰਗ ਖੇਤਰ ਨੂੰ ਲੌਕਡਾਊਨ ਤੋਂ ਛੋਟ ਮਿਲਣ ਦੇ ਨਾਲ ਹੀ ਸੋਮਵਾਰ ਸਵੇਰੇ ਲੋਕ ਕੰਮ 'ਤੇ ਜਾਂਦੇ ਨਜ਼ਰ ਆਏ। ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨ ਇਸ ਲਈ ਘਰਾਂ ਅੰਦਰ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਕੰਮ ਦੌਰਾਨ ਮੁਲਾਜ਼ਮ ਫੇਸ ਮਾਸਕ ਲਗਾ ਕੇ ਰੱਖਣ। ਇਸ ਦੇ ਲਈ ਟ੍ਰੇਨ ਅਤੇ ਮੈਟਰੋ ਸਟੇਸ਼ਨ 'ਤੇ ਹੀ ਇਨ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਕੰਮ 'ਤੇ ਜਾਂਦੀ ਹੋਈ ਇਕ ਨਰਸ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸਰਕਾਰ ਅਜਿਹਾ ਕਰ ਰਹੀ ਹੈ ਕਿਉਂਕਿ ਜਾਂ ਤਾਂ ਇਹ ਤੁਹਾਨੂੰ ਦੁਕਾਨ 'ਤੇ ਮਿਲਣਗੇ ਨਹੀਂ ਜਾਂ ਫਿਰ ਬਹੁਤ ਮਹਿੰਗੇ ਹੋਣਗੇ। ਅਜਿਹਾ ਨਹੀਂ ਹੈ ਕਿ ਸਰਕਾਰ ਦੇ ਇਸ ਫੈਸਲੇ ਦਾ ਸਾਰੇ ਲੋਕ ਸਵਾਗਤ ਕਰ ਰਹੇ ਹਨ। ਰਾਜਨੀਤਕਾਂ, ਯੂਨੀਅਨ ਅਤੇ ਵਿਗਿਆਨੀਆਂ ਨੇ ਦੂਜੇ ਦੌਰ ਦੇ ਇਨਫੈਕਸ਼ਨ ਦੇ ਖਤਰੇ ਦਾ ਸ਼ੱਕ ਜਤਾਇਆ ਹੈ।