ਯੌਨ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਪਾਦਰੀ ਦੀ ਆਸਟ੍ਰੇਲੀਆ ਦੀ ਅਦਾਲਤ 'ਚ ਪੇਸ਼ੀ, ਇਸ ਤਰ੍ਹਾਂ ਦਾ ਸੀ ਰਵੱਈਆ

07/26/2017 4:16:08 PM

ਮੈਲਬੌਰਨ (ਜੁਗਿੰਦਰ ਸੰਧੂ)—ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਵੈਟੀਕਨ ਦੇ ਉੱਚ ਅਹੁਦੇ ਵਾਲਾ ਕੈਥੋਲਿਕ ਪਾਦਰੀ ਬੁੱਧਵਾਰ ਨੂੰ ਆਸਟ੍ਰੇਲੀਆ ਦੀ ਇਕ ਅਦਾਲਤ ਵਿਚ ਪੇਸ਼ ਹੋਇਆ। ਦੱਸਣਯੋਗ ਹੈ ਕਿ ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਪਾਦਰੀ ਕਾਰਡੀਨਲ ਜਾਰਜ ਪੈੱਲ ਵੈਟੀਕਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਹੈ। ਇਨ੍ਹਾਂ ਦੋਸ਼ਾਂ ਕਾਰ ਵੈਟੀਕਨ ਦਾ ਅਕਸ ਖਰਾਬ ਹੋਇਆ ਹੈ ਅਤੇ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਵਿਰੁੱਧ ਕੰਮ ਕਰਨ ਵਾਲੇ ਮੌਜੂਦਾ ਪੋਪ ਫਰਾਂਸਿਸ ਦਾ ਅਕਸ ਖਰਾਬ ਹੋਣ ਦਾ ਵੀ ਖਤਰਾ ਹੈ।
ਪੋਪ ਫਰਾਂਸਿਸ ਦੇ ਉੱਚ ਵਿੱਤੀ ਸਲਾਹਕਾਰ ਕਾਰਡੀਨਲ ਜਾਰਜ ਪੈੱਲ 'ਤੇ ਪਿਛਲੇ ਮਹੀਨੇ ਯੌਨ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਹੀ ਉਹ ਖੁਦ ਨੂੰ ਬੇਕਸੂਰ ਦੱਸ ਰਹੇ ਹਨ। ਪੈੱਲ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲਾਂ ਪਹਿਲਾਂ ਆਸਟ੍ਰੇਲੀਆ ਵਿਚ ਆਪਣੇ ਗ੍ਰਹਿ ਨਗਰ ਵਿਕਟੋਰੀਆ ਵਿਚ ਕਈ ਲੋਕਾਂ ਦਾ ਯੌਨ ਸ਼ੋਸ਼ਣ ਕੀਤਾ। 
76 ਸਾਲਾ ਕਾਰਡੀਨਲ ਵਿਰੁੱਧ ਲੱਗੇ ਦੋਸ਼ਾਂ ਦੇ ਬਿਊਰੇ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ਦੋਸ਼ਾਂ ਨੂੰ ਯੌਨ ਸ਼ੋਸ਼ਣ ਦਾ 'ਇਤਿਹਾਸਕ' ਮਾਮਲਾ ਦੱਸਿਆ ਹੈ, ਜਿਸ ਦਾ ਮਤਲਬ ਹੈ ਕਿ ਅਪਰਾਧ ਕਈ ਸਾਲ ਪਹਿਲੇ ਹੋਇਆ ਹੈ। ਪੈੱਲ ਨੇ ਅਦਾਲਤ 'ਚ ਆਪਣੀ ਪੇਸ਼ੀ ਦੌਰਾਨ ਜਾਂ ਫਿਰ ਉਥੋਂ ਵਾਪਸ ਪਰਤਦੇ ਹੋਏ ਕੋਈ ਟਿੱਪਣੀ ਨਹੀਂ ਕੀਤੀ। ਉਹ ਪੁਲਸ ਅਤੇ ਪੱਤਰਕਾਰਾਂ ਨਾਲ ਘਿਰੇ ਹੋਏ ਅਦਾਲਤ ਪਹੁੰਚੇ ਸਨ। ਕਾਰਡੀਨਲ ਨੇ ਅਜੇ ਤੱਕ ਆਪਣੇ ਵਲੋਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਹੈ। ਉਨ੍ਹਾਂ ਦੇ ਵਕੀਲ ਰਾਬਰਟ ਰਿਚਰ ਨੇ ਅਦਾਲਤ ਨੂੰ ਦੱਸਿਆ ਕਿ ਪੈੱਲ ਆਪਣੀ ਸੁਣਵਾਈ ਦੇ ਦਿਨ ਖੁਦ ਨੂੰ ਬੇਕਸੂਰ ਦੱਸਦੇ ਹੋਏ ਪਟੀਸ਼ਨ ਦਾਇਰ ਕਰਨਗੇ। ਪੈੱਲ ਦੀ ਪੇਸ਼ੀ ਮਹਜ 6 ਮਿੰਟ ਦੀ ਸੀ। ਮੈਜਿਸਟ੍ਰੇਟ ਨੇ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ ਦੀ ਤਰੀਕ 6 ਅਕਤੂਬਰ ਤੈਅ ਕੀਤੀ ਹੈ।


Related News