ਤਾਲਿਬਾਨ ਨੂੰ ਮਾਨਤਾ ਦੇਣ ਲਈ ਦੇਸ਼ਾਂ ਨੂੰ ''ਸਾਂਝੇ ਯਤਨ'' ਕਰਨੇ ਪੈਣਗੇ: ਇਮਰਾਨ ਖਾਨ
Wednesday, Feb 16, 2022 - 01:36 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਫ਼ਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਨੂੰ ਇਕਪਾਸੜ ਤੌਰ 'ਤੇ ਮਾਨਤਾ ਨਹੀਂ ਦੇਵੇਗੀ, ਕਿਉਂਕਿ ਇਸ ਕਦਮ ਨਾਲ ਉਹ ਅਲੱਗ-ਥਲੱਗ ਪੈ ਜਾਵੇਗਾ ਅਤੇ ਦੇਸ਼ ਵਿਚ ਆਰਥਿਕ ਸੁਧਾਰ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਆਵੇਗੀ। ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨੂੰ ਮਾਨਤਾ ਦੇਣ ਲਈ ਖੇਤਰ ਦੇ ਦੇਸ਼ਾਂ ਨੂੰ "ਸਾਝੀ ਕੋਸ਼ਿਸ਼" ਕਰਨੀ ਪਵੇਗੀ। ਪਿਛਲੇ ਸਾਲ ਅਗਸਤ 'ਚ ਕਾਬੁਲ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤੋਂ ਹੀ ਤਾਲਿਬਾਨ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਆਪਣੇ ਇਸਲਾਮਿਕ ਅਮੀਰਾਤ ਨੂੰ ਅਫ਼ਗਾਨਿਸਤਾਨ ਦੀ ਅਧਿਕਾਰਤ ਸਰਕਾਰ ਵਜੋਂ ਮਾਨਤਾ ਦੇਣ। ਉਥੇ ਹੀ ਅਮਰੀਕਾ ਅਤੇ ਹੋਰ ਦੇਸ਼ ਤਾਲਿਬਾਨ 'ਤੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਨੂੰ ਉਸ ਦੇ ਏਜੰਡੇ ਵਿਚ ਪਹਿਲ ਦੇਣ ਨੂੰ ਲੈ ਕੇ ਦਬਾਅ ਬਣਾ ਰਹੇ ਹਨ।
'ਦਿ ਐਕਸਪ੍ਰੈਸ ਟ੍ਰਿਬਿਊਨ' ਨੇ ਰੂਸੀ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਖਾਨ ਦੇ ਹਵਾਲੇ ਨਾਲ ਕਿਹਾ, ''ਜੇਕਰ ਪਾਕਿਸਤਾਨ (ਤਾਲਿਬਾਨ) ਨੂੰ ਮਾਨਤਾ ਦੇਣ ਦੀ ਪਹਿਲ ਕਰਦਾ ਹੈ, ਤਾਂ ਸਾਡੇ 'ਤੇ ਅੰਤਰਰਾਸ਼ਟਰੀ ਦਬਾਅ ਕਾਫੀ ਵਧ ਜਾਵੇਗਾ, ਕਿਉਂਕਿ ਅਸੀਂ ਆਪਣੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ।'' ਅਖ਼ਬਾਰ ਨੇ ਆਪਣੀ ਰਿਪੋਰਟ 'ਚ ਖਾਨ ਦੇ ਹਵਾਲੇ ਨਾਲ ਕਿਹਾ, ''ਅਸੀਂ ਆਪਣਾ ਕਰਜ਼ਾ ਨਹੀਂ ਮੋੜ ਸਕਦੇ। ਅਸੀਂ ਸਿਰਫ਼ ਤਾਂ ਹੀ ਉਭਰ ਸਕਦੇ ਹਾਂ ਜੇਕਰ ਸਾਡੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਚੰਗੇ ਸਬੰਧ ਹੋਣ।''
ਖਾਨ ਨੇ ਕਿਹਾ ਹੈ ਕਿ ਖੇਤਰ ਦੇ ਦੇਸ਼ਾਂ ਨੂੰ ਇਸ ਮੁੱਦੇ 'ਤੇ 'ਸਾਂਝੀ ਕੋਸ਼ਿਸ਼' ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਾਨਤਾ ਲਈ ਸ਼ਰਤਾਂ ਦੇ ਸਬੰਧ ਵਿਚ ਅੰਤਰਰਾਸ਼ਟਰੀ ਸਹਿਮਤੀ ਹੈ ਕਿ ਅਫ਼ਗਾਨਿਸਤਾਨ ਵਿਚ ਇਕ ਸਮਾਵੇਸ਼ੀ ਸਰਕਾਰ ਹੋਣੀ ਚਾਹੀਦੀ ਹੈ। ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਅਧਿਕਾਰਾਂ ਦਾ ਮੁੱਦਾ ਵੀ ਹੈ। ਰਿਪੋਰਟ 'ਚ ਖਾਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ''ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋ ਮੁੱਦਿਆਂ 'ਤੇ ਵਾਅਦੇ ਕੀਤੇ ਹਨ। ਸਵਾਲ ਇਹ ਹੈ ਕਿ ਦੁਨੀਆ ਨੂੰ ਸੰਤੁਸ਼ਟ ਕਰਨ ਲਈ ਹੋਰ ਕੀ ਜ਼ਰੂਰਤ ਹੈ?''