ਖੰਘ, ਬੁਖਾਰ ਕੋਵਿਡ-19 ਦੇ ਸਭ ਤੋਂ ਪ੍ਰਮੁੱਖ ਲੱਛਣ : ਅਧਿਐਨ

06/25/2020 10:47:42 PM

ਲੰਡਨ - ਲਗਾਤਾਰ ਖੰਘ ਅਤੇ ਬੁਖਾਰ ਦੇ ਕੋਵਿਡ-19 ਦੇ ਪ੍ਰਮੁੱਖ ਲੱਛਣ ਹੋਣ ਦੀ ਪੁਸ਼ਟੀ ਹੋਈ ਹੈ। ਅਧਿਐਨਾਂ ਦੀ ਇਕ ਪ੍ਰਮੁੱਖ ਸਮੀਖਿਆ ਮੁਤਾਬਕ ਇਸ ਤੋਂ ਇਲਾਵਾ ਕੋਰੋਨਾਵਾਇਰਸ ਦੇ ਹੋਰ ਲੱਛਣਾ ਵਿਚ ਥਕਾਵਟ, ਸੁੰਘਣ ਵਿਚ ਕਮੀ, ਸਾਹ ਲੈਣ ਵਿਚ ਮੁਸ਼ਕਿਲ ਸ਼ਾਮਲ ਹੈ। ਮੈਗਜ਼ੀਨ 'ਪੀ. ਐਲ. ਓ. ਐਸ. ਵਨ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਉਨਾਂ ਲੱਛਣਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਇਸ ਬੀਮਾਰੀ ਦੀ ਸ਼ੁਰੂਆਤ ਵਿਚ ਸੂਚੀਬਧ ਕੀਤਾ ਸੀ। ਇਸ ਦੇ ਖੋਜਕਾਰਾਂ ਵਿਚ ਬਿ੍ਰਟੇਨ ਦੀ ਯੂਨੀਵਰਸਿਟੀ ਆਫ ਲੀਡਸ ਦੇ ਖੋਜਕਾਰ ਸ਼ਾਮਲ ਹਨ। ਇਨਾਂ ਖੋਜਕਾਰਾਂ ਨੇ 9 ਦੇਸ਼ਾਂ ਦੇ 24 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਵੱਲੋਂ ਅਨੁਭਵ ਕੀਤੇ ਜਾ ਰਹੇ ਆਮ ਲੱਛਣਾਂ ਦੀ ਪਛਾਣ ਕਰਨ ਲਈ 148 ਅਲੱਗ-ਅਲੱਗ ਅਧਿਐਨਾਂ ਦੇ ਅੰਕੜੇ ਸ਼ਾਮਲ ਕੀਤੇ।

ਇਨਾਂ 9 ਦੇਸ਼ਾਂ ਵਿਚ ਬਿ੍ਰਟੇਨ, ਚੀਨ ਅਤੇ ਅਮਰੀਕਾ ਵੀ ਸ਼ਾਮਲ ਹਨ। ਖੋਜਕਾਰਾਂ ਨੇ ਆਖਿਆ ਕਿ ਇਹ ਅਧਿਐਨ ਕੋਵਿਡ-19 ਦੇ ਲੱਛਣਾਂ ਨੂੰ ਲੈ ਕੇ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਸਮੀਖਿਆ ਵਿਚੋਂ ਇਕ ਹੈ। ਖੋਜਕਾਰਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਸੰਭਵ ਹੈ ਕਿ ਅਜਿਹੇ ਲੋਕਾਂ ਦੀ ਵੱਡੀ ਗਿਣਤੀ ਹੋਵੇ ਜੋ ਇਸ ਵਾਇਰਸ ਤੋਂ ਪ੍ਰਭਾਵਿਤ ਹਨ ਪਰ ਉਨ੍ਹਾਂ ਵਿਚ ਕੋਈ ਲੱਛਣ ਨਹੀਂ ਹਨ। ਲੀਡਸ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਵਿਚ ਸਰਜਨ ਅਤੇ ਕਲੀਨਿਕਲ ਰਿਸਰਚ ਫੈਲੋ ਰਿਕੀ ਵੇਡ ਨੇ ਆਖਿਆ ਕਿ ਇਸ ਵਿਸ਼ਲੇਸ਼ਣ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਪਾਏ ਗਏ ਲੋਕਾਂ ਦੇ ਲੱਛਣਾਂ ਵਿਚ ਖੰਘ ਅਤੇ ਬੁਖਾਰ ਆਮ ਲੱਛਣ ਸਨ। ਖੋਜਕਾਰਾਂ ਨੇ ਆਖਿਆ ਕਿ ਅਧਿਐਨ 'ਚ ਪਤਾ ਲੱਗਾ ਕਿ 24,410 ਮਾਮਲਿਆਂ ਵਿਚੋਂ 78 ਫੀਸਦੀ ਨੂੰ ਬੁਖਾਰ ਸੀ। 57 ਫੀਸਦੀ ਵਿਚ ਖੰਘ ਸੀ।


Khushdeep Jassi

Content Editor

Related News