‘ਗਰਮੀਆਂ ਤਕ ਉਪਲੱਬਧ ਹੋ ਸਕੇਗਾ ਕੋਰੋਨਾ ਵਾਇਰਸ ਦਾ ਇਲਾਜ’
Tuesday, Mar 03, 2020 - 09:48 AM (IST)
ਵਾਸ਼ਿੰਗਟਨ— ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸਮੋਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਇਨ੍ਹਾਂ ਗਰਮੀਆਂ ਤਕ ਦਵਾਈਆਂ ਉਪਲੱਬਧ ਹੋ ਸਕਣਗੀਆਂ। ਉਨ੍ਹਾਂ ਨੇ ਇਕ ਪੱਤਕਾਰ ਸੰਮੇਲਨ 'ਚ ਕਿਹਾ,''ਹਾਲਾਂਕਿ ਇਸ ਦਾ ਟੀਕਾ ਇਸ ਸਾਲ ਦੇ ਅਖੀਰ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤਕ ਸ਼ਾਇਦ ਉਪਲੱਬਧ ਨਹੀਂ ਹੋ ਸਕੇਗਾ ਪਰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਇਲਾਜ ਲਈ ਇਨ੍ਹਾਂ ਗਰਮੀਆਂ ਜਾਂ ਪੱਤਝੜ ਤਕ ਦਵਾਈ ਉਪਲਬਧ ਹੋ ਸਕਣਗੀਆਂ।''
ਗਿਲਿਏਡ ਕੰਪਨੀ ਦੀ ਦਵਾਈ ਰੇਮਡੇਸਿਵਿਰ ਦੀ ਵਰਤੋਂ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਇਕ ਮਰੀਜ਼ ਦੇ ਇਲਾਜ ਲਈ ਕੀਤੀ ਜਾ ਚੁੱਕੀ ਹੈ, ਹਾਲਾਂਕਿ ਇਹ ਅਜੇ ਟੈਸਟ ਦੇ ਤੌਰ 'ਤੇ ਵਰਤੀ ਗਈ ਹੈ। ਓਧਰ ਵਾਸ਼ਿੰਗਟਨ ਦੀ ਸੂਬਾ ਸਿਹਤ ਅਧਿਕਾਰੀ ਡਾ. ਕੈਥੀ ਲਾਏ ਨੇ ਦੱਸਿਆ ਕਿ ਵਾਸ਼ਿੰਗਟਨ 'ਚ ਕੋਰੋਨਾ ਵਾਇਰਸ ਦੇ ਘੱਟ ਤੋਂ ਘੱਟ 18 ਮਾਮਲੇ ਦਰਜ ਕੀਤੇ ਗਏ ਹਨ। ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।