ਕੋਰੋਨਾਵਾਇਰਸ ਕਾਰਨ BRICS ਤੇ SCO ਸੰਮੇਲਨ ''ਤੇ ਲੱਗੀ ਬ੍ਰੇਕ

Thursday, May 28, 2020 - 01:56 AM (IST)

ਮਾਸਕੋ - ਕੋਰੋਨਾਵਾਇਰਸ ਮਹਾਮਾਰੀ ਕਾਰਨ ਬ੍ਰਿਕਸ ਅਤੇ ਐਸ. ਸੀ. ਓ. (ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ) ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਸਤਾਵਿਤ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਰੂਸ ਨੇ ਬੁੱਧਵਾਰ ਨੂੰ ਇਸ ਦਾ ਰਸਮੀ ਐਲਾਨ ਕੀਤਾ। ਬ੍ਰਿਕਸ ਦੇ ਤਹਿਤ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਸਾਊਥ ਅਫਰੀਕਾ ਆਉਂਦੇ ਹਨ।

ਬ੍ਰਿਕਸ ਅਤੇ ਐਸ. ਸੀ. ਓ. ਸੰਮੇਲਨ ਦਾ ਆਯੋਜਨ ਰੂਸ ਦੇ ਸੈਂਟ ਪੀਟਰਸਬਰਗ ਸ਼ਹਿਰ ਵਿਚ 21 ਤੋਂ 23 ਜੁਲਾਈ ਵਿਚਾਲੇ ਪ੍ਰਸਤਾਵਿਤ ਸੀ। ਇਨਾਂ ਦਿਨੀਂ ਬੈਠਕਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਸੀ। ਕ੍ਰੇਮਲਿਨ ਵੱਲੋਂ ਜਾਰੀ ਅਧਿਕਾਰਕ ਬਿਆਨ ਵਿਚ ਆਖਿਆ ਗਿਆ ਹੈ, ਕੋਰੋਨਾਵਾਇਰਸ ਮਹਾਮਾਰੀ ਅਤੇ ਉਸ ਨਾਲ ਜੁੜੀਆਂ ਪਾਬੰਦੀਆਂ ਕਾਰਨ ਬ੍ਰਿਕਸ ਅਤੇ ਐਸ. ਸੀ. ਓ. ਦੀ ਆਯੋਜਿਤ ਕਮੇਟੀ ਨੇ ਮੀਟਿੰਗ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਇਸ ਨੂੰ 21 ਤੋਂ 23 ਜੁਲਾਈ ਵਿਚਾਲੇ ਸੈਂਟ ਪੀਟਰਸਬਰਗ ਸ਼ਹਿਰ ਵਿਚ ਆਯੋਜਿਤ ਕੀਤਾ ਜਾਣਾ ਸੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਅਤੇ ਬੈਠਕ ਵਿਚ ਸ਼ਾਮਲ ਹੋਣ ਵਾਲੇ ਦੇਸ਼ਾਂ ਦੇ ਹਾਲਾਤ ਮੁਤਾਬਕ ਨਵੀਆਂ ਤਰੀਕਾਂ ਨੂੰ ਤੈਅ ਕੀਤਾ ਜਾਵੇਗਾ। ਦੱਸ ਦਈਏ ਕਿ ਰੂਸ ਵਿਚ ਵੀ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਦੇਖਿਆ ਜਾ ਰਿਹਾ ਹੈ। ਇਥੇ ਕੋਰੋਨਾ ਦੇ 3.71 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਕਰੀਬ 3,968 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.42 ਲੱਖ ਲੋਕ ਠੀਕ ਹੋ ਚੁੱਕੇ ਹਨ।


Khushdeep Jassi

Content Editor

Related News