ਆਸਟਰੇਲੀਆ ''ਚ ਕੋਰੋਨਾ ਦਾ ਕਹਿਰ, ਇਕ ਹੋਰ ਸੰਸਦ ਮੈਂਬਰ ਵਾਇਰਸ ਨਾਲ ਇਨਫੈਕਟਡ
Tuesday, Mar 17, 2020 - 03:09 PM (IST)
ਸਿਡਨੀ- ਦੋ ਹਫਤੇ ਦੀਆਂ ਯੋਜਨਾਬੱਧ ਛੁੱਟੀਆਂ ਤੋਂ ਬਾਅਦ ਆਸਟਰੇਲੀਆਈ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਦੇਸ਼ ਵਿਚ ਤੀਜਾ ਸੰਸਦ ਮੈਂਬਰ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਨਿਊ ਸਾਊਥ ਵੇਲਸ ਸੂਬੇ ਦੇ ਸੈਨੇਟਰ ਐਂਡ੍ਰਿਊ ਬਰੈਗ ਨੇ ਮੰਗਲਵਾਰ ਨੂੰ ਦੱਸਿਆ ਕਿ 6 ਮਾਰਚ ਨੂੰ ਇਕ ਦੋਸਤ ਦੇ ਵਿਆਹ ਦੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਵਿਚ ਫਲੂ ਜਿਹੇ ਲੱਛਣ ਦਿਖੇ ਤੇ ਜਾਂਚ ਵਿਚ ਉਹਨਾਂ ਨੂੰ ਵਾਇਰਸ ਹੋਣ ਦੀ ਪੁਸ਼ਟੀ ਹੋਈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਘੱਟ ਤੋਂ ਘੱਟ ਹੋਰ 6 ਮਹਿਮਾਨ ਵੀ ਕੋਰੋਨਾਵਾਇਰਸ ਨਾਲ ਇਨਫੈਕਟਡ ਹੋ ਗਏ ਹਨ। ਕਵੀਨਸਲੈਂਡ ਦੀ ਸੈਨੇਟਰ ਸੂਸਨ ਮੈਕਡੋਨਾਲਡ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਬੀਮਾਰ ਪਈ ਸੀ ਤੇ ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਈ ਗਈ। ਕਵੀਨਸਲੈਂਡ ਨਾਲ ਹੀ ਸਬੰਧ ਰੱਖਣ ਵਾਲੇ ਗ੍ਰਹਿ ਮੰਤਰੀ ਪੀਟਰ ਡੱਟਨ ਵੀ ਕੋਰੋਨਾਵਾਇਰਸ ਨਾਲ ਇਨਫੈਕਟਡ ਹਨ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿਚ ਹੁਣ ਤੱਕ 452 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਦੁਨੀਆਭਰ ਵਿਚ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 7,170 ਦੇ ਪਾਰ ਹੋ ਚੁੱਕਾ ਹੈ। ਦੁਨੀਆ ਦੇ 160 ਤੋਂ ਵਧੇਰੇ ਦੇਸ਼ ਇਸ ਜਾਨਲੇਵਾ ਵਾਇਰਸ ਨਾਲ ਇਨਫੈਕਟਿਡ ਹਨ। ਵਿਸ਼ਵ ਵਿਚ ਕੁੱਲ 1,82,716 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।