ਕੋਰੋਨਾ ਵਾਇਰਸ ਨਾਲ ਜੂਝ ਰਿਹੈ ਚੀਨ, ਮ੍ਰਿਤਕਾਂ ਦੀ ਗਿਣਤੀ ਹੋਈ 56
Sunday, Jan 26, 2020 - 09:14 AM (IST)

ਬੀਜਿੰਗ, (ਏਜੰਸੀਆਂ)– ਕੋਰੋਨਾ ਵਾਇਰਸ ਨੇ ਚੀਨ ਦੇ ਨਾਲ-ਨਾਲ ਕਈ ਹੋਰ ਦੇਸ਼ਾਂ 'ਚ ਵੀ ਦਸਤਕ ਦੇ ਦਿੱਤੀ ਹੈ। ਚੀਨ ਵਿਚ ਹਾਲਾਤ ਬੇਕਾਬੂ ਹੋ ਗਏ ਹਨ ਅਤੇ ਹੁਣ ਤਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਲੋਬਲ ਟਾਈਮਜ਼ ਮੁਤਾਬਕ ਹਾਲ ਹੀ 'ਚ ਹੁਵੇਈ ਸੂਬੇ 'ਚ 13 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇੱਥੇ 323 ਹੋਰ ਨਵੇਂ ਮਾਮਲੇ ਵੀ ਦਰਜ ਹੋਏ ਹਨ। ਅਮਰੀਕਾ, ਦੱਖਣੀ ਕੋਰੀਆ, ਜਾਪਾਨ, ਮਲੇਸ਼ੀਆ, ਯੂਰਪ, ਫਰਾਂਸ 'ਚ ਕੋਰੋਨਾ ਵਾਇਰਸ ਫੈਲ ਗਿਆ ਹੈ। ਭਾਰਤ 'ਚ ਭਾਵੇਂ ਕਿਸੇ ਵਿਅਕਤੀ ਦੇ ਇਸ ਰੋਗ ਤੋਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਅਲਰਟ ਜਾਰੀ ਕਰ ਕੇ ਚੀਨ ਤੋਂ ਆਏ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਭਾਰਤ ਦੇ ਕਈ ਵਿਦਿਆਰਥੀ ਵੁਹਾਨ ਅਤੇ ਹੁਬੇਈ ਦੀਆਂ ਯੂਨੀਵਰਸਿਟੀਆਂ 'ਚ ਫਸ ਗਏ ਹਨ। ਭਾਰਤੀ ਦੂਤਘਰ ਨੇ ਉਨ੍ਹਾਂ ਨਾਲ ਸੰਪਰਕ ਬਣਾਉਣ ਲਈ ਹਾਟਲਾਈਨ ਸਥਾਪਤ ਕੀਤੀ ਹੈ। ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਨੂੰ ਧਿਆਨ 'ਚ ਰੱਖਦਿਆਂ ਚੀਨ ਨੇ ਵੁਹਾਨ ਵਿਚ 1000 ਬਿਸਤਰਿਆਂ ਵਾਲਾ ਨਵਾਂ ਹਸਪਤਾਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ 10 ਦਿਨਾਂ ਅੰਦਰ ਤਿਆਰ ਹੋ ਜਾਣ ਦੀ ਸੰਭਾਵਨਾ ਹੈ।
ਇਕ ਅੰਦਾਜ਼ੇ ਮੁਤਾਬਕ ਚੀਨ ’ਚ 5 ਕਰੋੜ 60 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ। ਦੇਸ਼ ਦੇ 18 ਤੋਂ ਵੱਧ ਸੂਬਿਆਂ ਵਿਚ ਸਫਰ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਜਿਹੜੇ ਵੀ ਵਿਅਕਤੀ ਘਰਾਂ ’ਚੋਂ ਬਾਹਰ ਨਿਕਲ ਰਹੇ ਹਨ, ਨੂੰ ਹਰ ਹਾਲਤ ’ਚ ਮਾਸਕ ਪਹਿਨਣ ਲਈ ਕਿਹਾ ਗਿਆ ਹੈ।