ਕੋਰੋਨਾ ਵਾਇਰਸ : ਵਿਸ਼ਵ ਭਰ 'ਚ ਦੋ ਮਹੀਨਿਆਂ 'ਚ 35 ਗੁਣਾ ਵਧੇ ਮਾਮਲੇ, ਜਾਣੋ ਤਾਜ਼ਾ ਹਾਲਾਤ
Tuesday, May 05, 2020 - 07:53 AM (IST)
ਵਾਸ਼ਿੰਗਟਨ- ਦੁਨੀਆ ਭਰ ਵਿਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਸਾਰੀ ਦੁਨੀਆ ਲਈ ਵੱਡੀ ਪਰੇਸ਼ਾਨੀ ਬਣ ਗਿਆ ਹੈ। ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 35 ਲੱਖ ਨੂੰ ਪਾਰ ਕਰ ਕੇ 35,82,469 ਹੋ ਗਈ ਹੈ ਜਦੋਂਕਿ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕਾਂ ਇਸ ਕਾਰਨ ਮੌਤ ਹੋ ਚੁੱਕੀ ਹੈ। ਹਾਲਾਂਕਿ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ। ਇਸ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿਚ ਦੇਖਿਆ ਗਿਆ ਹੈ, ਜਿੱਥੇ ਤਕਰੀਬਨ 12 ਲੱਖ ਭਾਵ 11,80,332 ਲੋਕ ਕੋਰੋਨਾ ਕਾਰਨ ਇਨਫੈਕਟਡ ਹਨ ਅਤੇ ਹੁਣ ਤੱਕ ਇੱਥੇ 68,922 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਸਪੇਨ ਵਿਚ 2,18,011 ਅਤੇ ਇਟਲੀ ਵਿਚ 2,11,938 ਪੀੜਤਾਂ ਦੇ ਮਾਮਲੇ ਦਰਜ ਕੀਤੇ ਗਏ ਹਨ।
ਦੋ ਮਹੀਨਿਆਂ ਵਿਚ 35 ਗੁਣਾ ਵਧੇ ਮਾਮਲੇ-
ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ 6 ਮਾਰਚ ਤੱਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1,00,645 ਦਰਜ ਹੋਏ ਸਨ, ਜਦੋਂ ਕਿ ਇਸ ਸਮੇਂ ਇਹ ਗਿਣਤੀ 35 ਲੱਖ ਨੂੰ ਪਾਰ ਕਰ ਗਈ ਹੈ। ਮੋਟੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਦੋ ਮਹੀਨਿਆਂ ਬਾਅਦ ਕੋਰੋਨਾ ਦੇ ਮਾਮਲਿਆਂ ਵਿਚ 35 ਗੁਣਾ ਵਾਧਾ ਹੋਇਆ ਹੈ। ਰਿਪੋਰਟਾਂ ਮੁਤਾਬਕ, ਦੁਨੀਆ ਭਰ ਵਿਚ ਇਕ ਲੱਖ ਲੋਕਾਂ ਨੂੰ ਸੰਕਰਮਿਤ ਹੋਣ ਵਿਚ 67 ਦਿਨ ਲੱਗ ਗਏ ਜਦੋਂਕਿ ਇਹ ਅੰਕੜਾ ਸਿਰਫ 11 ਦਿਨਾਂ ਵਿਚ ਦੋ ਲੱਖ ਤੋਂ ਪਾਰ ਹੋ ਗਿਆ।
6 ਮਾਰਚ ਤੱਕ ਵਿਸ਼ਵ ਭਰ ਵਿਚ ਕੁੱਲ 3400 ਲੋਕਾਂ ਦੀ ਮੌਤ ਹੋਈ ਸੀ ਜਦ ਕਿ ਇਸ ਸਮੇਂ ਮੌਤਾਂ ਦੀ ਗਿਣਤੀ 2,51,510 ਹੋ ਚੁੱਕੀ ਹੈ। ਹਾਲਾਂਕਿ ਹਰ ਦੇਸ਼ ਕੋਰੋਨਾ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜੇ ਵੀ ਕੋਰੋਨਾ ਦਾ ਇਲਾਜ ਹਾਸਲ ਨਹੀਂ ਹੋ ਸਕਿਆ। ਭਾਰਤ ਵੀ ਇਸ ਵਾਇਰਸ ਤੋਂ ਬਚਿਆ ਨਹੀਂ ਹੈ ਤੇ ਇੱਥੇ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ।