‘ਕੋਵਿਡ-19 : ਚੀਨ ’ਚ ਸੂਬਾ ਸਰਕਾਰਾਂ ਨੇ ਸਵਦੇਸ਼ੀ ਟੀਕੇ ਦੇ ਆਰਡਰ ਦੇਣੇ ਕੀਤੇ ਸ਼ੁਰੂ
Tuesday, Dec 08, 2020 - 09:38 AM (IST)
            
            ਤਾਇਪੇ- ਚੀਨ ’ਚ ਸੂਬਾ ਸਰਕਾਰਾਂ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪ੍ਰਾਯੋਗਾਤਮਕ ਅਤੇ ਸਵਦੇਸ਼ੀ ਟੀਕਿਆਂ ਦੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਹਨ ਪਰ ਸਿਹਤ ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਇਹ ਟੀਕੇ ਕਿੰਨੇ ਕਾਰਗਰ ਹਨ ਜਾਂ ਇਨ੍ਹਾਂ ਨੂੰ ਦੇਸ਼ ਦੇ 14 ਅਰਬ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇਗਾ।
ਚੀਨ ਦੇ ਵਿਦੇਸ਼ ਮੰਤਰੀ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਦੀ ਇਕ ਬੈਠਕ ’ਚ ਕਿਹਾ ਸੀ ਕਿ ਟੀਕਾ ਬਣਾਉਣ ਵਾਲੇ ਅੰਤਿਮ ਪ੍ਰੀਖਣ ਨੂੰ ਪੂਰਾ ਕਰਨ ਦਾ ਕੰਮ ਤੇਜ਼ੀ ਨਾਲ ਕਰ ਰਹੇ ਹਨ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਅਨੁਸਾਰ ਉਪ-ਪ੍ਰਧਾਨ ਮੰਤਰੀ ਸੁਨ ਚੁਨਲਾਨ ਨੇ ਕਿਹਾ, ‘‘ਸਾਨੂੰ ਵੱਡੇ ਪੱਧਰ ’ਤੇ ਉਤਪਾਦਨ ਲਈ ਤਿਆਰ ਰਹਿਣਾ ਚਾਹੀਦਾ ਹੈ।’’
ਸਿਹਤ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਚੀਨ ਇਸ ਸਾਲ ਦੇ ਅੰਤ ਤੱਕ 61 ਕਰੋੜ ਖੁਰਾਕਾਂ ਦਾ ਨਿਰਮਾਣ ਕਰ ਲਵੇਗਾ ਅਤੇ ਇਸ ਨੂੰ ਅਗਲੇ ਸਾਲ ਤੱਕ ਵਧਾ ਕੇ 1 ਅਰਬ ਕੀਤਾ ਜਾ ਸਕਦਾ ਹੈ। ਅਜੇ ਅੰਤਿਮ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਚੀਨ ’ਚ ਕਰੀਬ 10 ਲੱਖ ਸਿਹਤ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਐਮਰਜੈਂਸੀ ਹਾਲਤ ’ਚ ਇਸਤੇਮਾਲ ਦੀ ਵਿਵਸਥਾ ਦੇ ਤਹਿਤ ਟੀਕਾ ਲਗਾਇਆ ਜਾ ਚੁੱਕਾ ਹੈ।
