ਸਮੁੱਚੀ ਦੁਨੀਆ ’ਚ ਜਾਰੀ ਹੈ ਕੋਰੋਨਾਵਾਇਰਸ ਦਾ ਕਹਿਰ, ਹੁਣ ਤੱਕ 3100 ਮੌਤਾਂ
Wednesday, Mar 04, 2020 - 12:59 AM (IST)
ਜੇਨੇਵਾ/ਨਵੀਂ ਦਿੱਲੀ - ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਕੇ ਦੁਨੀਆ ਦੇ 65 ਦੇਸ਼ਾਂ ’ਚ ਮੰਗਲਵਾਰ ਅੱਧੀ ਰਾਤ ਤੱਕ 3100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਸੀ। 89000 ਲੋਕ ਇਸ ਵਾਇਰਸ ਤੋਂ ਪੀੜਤ ਦੱਸੇ ਜਾਂਦੇ ਹਨ। ਸਭ ਤੋਂ ਵੱਧ ਮੌਤਾਂ ਚੀਨ ’ਚ ਹੋਈਆਂ ਹਨ। ਇਨ੍ਹਾਂ ’ਚੋਂ 80 ਫੀਸਦੀ ਵਿਅਕਤੀ 60 ਸਾਲ ਤੋਂ ਵੱਧ ਉਮਰ ਦੇ ਸਨ। ਚੀਨ ਦੇ 31 ਸੂਬਿਆਂ ਤੋਂ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ 47204 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
- ਇਟਲੀ ’ਚ 52 ਦੀ ਗਈ ਜਾਨ
ਇਟਲੀ ’ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 52 ਹੋ ਗਈ ਹੈ। 2036 ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਹਨ। 62 ਵਿਅਕਤੀ ਠੀਕ ਹੋਣ ਪਿੱਛੋਂ ਘਰਾਂ ਨੂੰ ਪਰਤ ਗਏ ਹਨ। ਇਸ ਤਰ੍ਹਾਂ ਦੇਸ਼ ’ਚ ਹੁਣ ਤੱਕ 149 ਵਿਅਕਤੀ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ। ਪਿਛਲੇ 4 ਦਿਨਾਂ ਤੋਂ ਦੇਸ਼ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਭਗ 500 ਦਾ ਵਾਧਾ ਹੋਇਆ ਹੈ।
- ਅਮਰੀਕਾ ’ਚ 6 ਦੀ ਮੌਤ
ਅਮਰੀਕਾ ’ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਦੇਸ਼ ’ਚ 91 ਵਿਅਕਤੀ ਇਸ ਰੋਗ ਨਾਲ ਪੀੜਤ ਪਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਮੌਤਾਂ ਵਾਸ਼ਿੰਗਟਨ ਸੂਬੇ ’ਚ ਹੋਈਆਂ ਹਨ। 43 ਸਥਾਨਕ ਲੋਕ ਅਤੇ ਵਿਦੇਸ਼ਾਂ ਤੋਂ ਆਏ 48 ਵਿਅਕਤੀ ਇਸ ਦੀ ਲਪੇਟ ’ਚ ਆ ਚੁੱਕੇ ਹਨ।
- ਪਾਕਿ ’ਚ ਪੰਜਵੇਂ ਮਾਮਲੇ ਦੀ ਹੋਈ ਪੁਸ਼ਟੀ
ਪਾਕਿਸਤਾਨ ’ਚ ਈਰਾਨ ਤੋਂ ਵਾਪਸ ਆਈ 45 ਸਾਲ ਦੀ ਇਕ ਔਰਤ ’ਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਇਸ ਦੇ ਨਾਲ ਹੀ ਦੇਸ਼ ’ਚ ਇਸ ਬੀਮਾਰੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਗਿਣਤੀ ਵਧ ਕੇ 5 ਹੋ ਗਈ ਹੈ। 29 ਫਰਵਰੀ ਨੂੰ ਦੇਸ਼ ’ਚ 2 ਨਵੇਂ ਮਾਮਲੇ ਸਾਹਮਣੇ ਆਏ ਸਨ। ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹੋਰਨਾਂ ਮਰੀਜ਼ਾਂ ਨਾਲੋਂ ਵੱਖ ਰੱਖਿਆ ਜਾ ਰਿਹਾ ਹੈ।
- ਨੋਇਡਾ ਦੇ ਇਕ ਸਕੂਲ ’ਚ ਪ੍ਰੀਖਿਆ ਟਲੀ
ਖਤਰਨਾਕ ਬੀਮਾਰੀ ਕੋਰੋਨਾ ਵਾਇਰਸ ਨੇ ਨੋਇਡਾ ’ਚ ਵੀ ਦਸਤਕ ਦੇ ਦਿੱਤੀ ਹੈ। ਇੱਥੋਂ ਦੇ ਇਕ ਪ੍ਰਾਈਵੇਟ ਸਕੂਲ ’ਚ ਸਭ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ। ਸਕੂਲ ਦੇ ਇਕ ਵਿਦਿਆਰਥੀ ਦੇ ਪਿਤਾ ਨੂੰ ਕੋਰੋਨਾ ਵਾਇਰਸ ਹੋਣ ਕਾਰਣ ਸਕੂਲ ਵਲੋਂ ਅਹਿਤਿਆਤੀ ਕਦਮ ਚੁੱਕੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਦੀ ਅਗਵਾਈ ਹੇਠ ਸਿਹਤ ਅਧਿਕਾਰੀਆਂ ਨੇ ਉਕਤ ਸਕੂਲ ਦਾ ਦੌਰਾ ਕੀਤਾ ਅਤੇ ਸਾਰੇ ਹਲਾਤ ਦਾ ਜਾਇਜ਼ਾ ਲਿਆ। ਜਿਸ ਵਿਦਿਆਰਥੀ ਦੇ ਪਿਤਾ ’ਚ ਉਕਤ ਵਾਇਰਸ ਪਾਇਆ ਗਿਆ ਹੈ, ਉਹ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਵਾਪਸ ਆਇਆ ਸੀ। ਉਸ ਨੂੰ ਏਮਸ ਵਿਖੇ ਦਾਖਲ ਕਰਵਾਇਆ ਗਿਆ ਹੈ।
- ਤੇਲੰਗਾਨਾ ਸਰਕਾਰ ਨੇ ਚੁੱਕੇ ਕਦਮ
ਤੇਲੰਗਾਨਾ ’ਚ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਪਿੱਛੋਂ ਸੂਬਾ ਸਰਕਾਰ ਨੇ ਇਸ ਬੀਮਾਰੀ ਨੂੰ ਵਧਣ ਤੋਂ ਰੋਕਣ ਲਈ ਕਈ ਕਦਮ ਚੁੱਕੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਮੌਜੂਦ ਕਾਲ ਸੈਂਟਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ 24 ਘੰਟੇ ਕੰਮ ਕਰਨ ਵਾਲਾ ਇਕ ਹੋਰ ਕਾਲ ਸੈਂਟਰ ਖੋਲ੍ਹਿਆ ਜਾਵੇਗਾ, ਜਿੱਥੋਂ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਤਾਜ਼ਾ ਜਾਣਕਾਰੀ ਮਿਲੇਗੀ। ਸਰਕਾਰ ਨੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਹੈ।
- ਗਰਮੀਆਂ ’ਚ ਉਪਲੱਬਧ ਹੋਵੇਗਾ ਇਲਾਜ
ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਹੈ ਕਿ ਆਉਂਦੀਆਂ ਗਰਮੀਆਂ ਦੀ ਰੁੱਤ ਤੱਕ ਕੋਰੋਨਾ ਵਾਇਰਸ ਦਾ ਇਲਾਜ ਉਪਲੱਬਧ ਹੋ ਸਕੇਗਾ। ਇਸ ਦਾ ਟੀਕਾ ਆਉਣ ’ਚ ਅਜੇ 8-9 ਮਹੀਨੇ ਲੱਗ ਜਾਣਗੇ ਪਰ ਦਵਾਈ ਮਿਲਣ ਲੱਗ ਪਵੇਗੀ। ਅਜੇ ਦਵਾਈਆਂ ਦਾ ਪ੍ਰੀਖਣ ਚੱਲ ਰਿਹਾ ਹੈ।
ਕੋਰੋਨਾਵਾਇਰਸ ਲਈ ਇਹ ਵੀ ਪਡ਼ੋ - ਚੀਨ 'ਚ 'ਹੈਲੋ' ਬੁਲਾ ਕੇ ਹੱਥ ਮਿਲਾਉਣ ਦੀ ਥਾਂ 'ਵੁਹਾਨ ਸ਼ੇਕ' ਹੋਇਆ ਵਾਇਰਲ, ਦੇਖੋ ਤਸਵੀਰਾਂ ਤੇ ਵੀਡੀਓ