ਇਸ ਦੇਸ਼ ਦੀ ਸਰਕਾਰ ਲੁਕੋ ਰਹੀ ਸੀ ਮੌਤਾਂ ਦੇ ਅੰਕੜੇ, ਸਿਹਤ ਮੰਤਰੀ ਨੇ ਦਿੱਤਾ ਅਸਤੀਫਾ
Sunday, Jun 14, 2020 - 02:53 PM (IST)
ਚਿਲੀ- ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਸਿਹਤ ਮੰਤਰੀ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਅਸਤੀਫਾ ਦਿੱਤਾ ਹੈ, ਚਿਲੀ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 1.67 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3,101 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚਿਲੀ ਦੀ ਸਰਕਾਰ 'ਤੇ ਇਹ ਦੋਸ਼ ਲੱਗ ਰਹੇ ਸਨ ਕਿ ਉਹ ਮੌਤਾਂ ਦੇ ਅੰਕੜਿਆਂ ਨੂੰ ਘੱਟ ਕਰਕੇ ਦਿਖਾ ਰਹੀ ਹੈ, ਵਿਰੋਧ ਦੇ ਬਾਅਦ ਸਰਕਾਰ ਨੇ ਅੰਕੜੇ ਦਰਜ ਕਰਨ ਦੇ ਨਿਯਮ ਬਦਲੇ ਵੀ ਪਰ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ।
ਉੱਥੇ ਹੀ, ਮੌਤਾਂ ਦੀ ਗਿਣਤੀ ਵਧਣ ਕਾਰਨ ਚਿਲੀ ਸਰਕਾਰ 'ਤੇ ਦਬਾਅ ਵੱਧ ਰਿਹਾ ਸੀ। ਇਸ ਤੋਂ ਬਾਅਦ ਸਿਹਤ ਮੰਤਰੀ ਜੈਮੀ ਮਨਾਲਿਚ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ। ਹਾਲਾਂਕਿ, ਚਿਲੀ ਦੇ ਰਾਸ਼ਟਰਪਤੀ ਸੇਬੇਸਟੀਅਨ ਪਨੇਰਾ ਨੇ ਕਿਹਾ ਕਿ ਜੈਮੀ ਨੇ ਚਿਲੀ ਦੇ ਲੋਕਾਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ। ਹੁਣ ਅਕੈਡਮਿਕਸ ਨਾਲ ਸਬੰਧ ਰੱਖਣ ਵਾਲੇ ਡਾਕਟਰ ਐਨਰਿਕ ਪੈਰਿਸ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ।
ਚਿਲੀ ਦੀ ਆਬਾਦੀ ਸਿਰਫ ਇਕ ਕਰੋੜ 90 ਲੱਖ ਹੈ, ਇਸ ਕਰਕੇ ਕੋਰੋਨਾ ਦੇ 1.67 ਲੱਖ ਮਾਮਲੇ ਹੋਣਾ ਖਤਰਨਾਕ ਮੰਨਿਆ ਜਾ ਰਿਹਾ ਹੈ। 10 ਲੱਖ ਦੀ ਆਬਾਦੀ 'ਤੇ ਕੋਰੋਨਾ ਦੇ ਮਾਮਲਿਆਂ ਦੀ ਔਸਤ ਦੇਖੀ ਜਾਵੇ ਤਾਂ ਇਹ ਦੇਸ਼ ਲਤੀਨੀ ਅਮਰੀਕਾ ਵਿਚ ਸਭ ਤੋਂ ਉੱਪਰ ਪੁੱਜ ਜਾਂਦਾ ਹੈ। ਚਿਲੀ ਦੇ ਰੈਨਕਾ ਦੇ ਮੇਅਰ ਕਲੌਡੀਓ ਕਾਸਤਰੋ ਨੇ ਕਿਹਾ ਕਿ ਸਰਕਾਰ ਵੱਡੇ ਅੰਕੜੇ ਜਾਰੀ ਕਰੇ, ਇਸ ਤੋਂ ਪਹਿਲਾਂ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੀ ਮਿਊਨਸਪੇਲਿਟੀ ਵਿਚ ਸਥਾਨਕ ਪ੍ਰਸ਼ਾਸਨ ਮੁਤਾਬਕ 22 ਲੋਕਾਂ ਦੀ ਮੌਤ ਹੋਈ ਸੀ ਪਰ ਕੇਂਦਰੀ ਸਿਹਤ ਮੰਤਰਾਲੇ ਨੇ ਸਿਰਫ 9 ਮੌਤਾਂ ਦੀ ਹੀ ਗੱਲ ਸਾਂਝੀ ਕੀਤੀ ਸੀ। ਵਿਰੋਧੀ ਦਲਾਂ ਦੇ ਨੇਤਾ, ਮੇਅਰ, ਮੈਡੀਕਲ ਮਾਹਰ ਤੇ ਸਮਾਜਿਕ ਸਮੂਹ ਜੇਮੀ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਸਰਕਾਰ ਨੇ ਕੋਰੋਨਾ ਨਾਲ ਜੁੜੇ ਅਸਲੀ ਅੰਕੜੇ ਜਾਰੀ ਨਹੀਂ ਕੀਤੇ ਸਨ। ਚਿਲੀ ਸਰਕਾਰ ਨੇ ਸਮੇਂ ਸਿਰ ਲਾਕਡਾਊਨ ਵੀ ਲਾਗੂ ਨਹੀਂ ਕੀਤਾ ਸੀ।
ਦੂਜੇ ਪਾਸੇ ਲਾਕਡਾਊਨ ਤੇ ਮਹਾਮਾਰੀ ਕਾਰਨ ਚਿਲੀ ਵਿਚ ਲੋਕਾਂ ਨੂੰ ਖਾਣ ਦੀ ਸਮੱਸਿਆ ਵੀ ਹੋਣ ਲੱਗੀ। ਇਸ ਦੇ ਬਾਅਦ ਲੋਕਾਂ ਨੇ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕੀਤੇ।