ਕੋਰੋਨਾ ਟੀਕਾ ਲਗਾਉਣ 'ਚ USA-UK ਸਭ ਤੋਂ ਅੱਗੇ, ਯੂਰਪ ਦੇ ਅਮੀਰ ਦੇਸ਼ ਪਿੱਛੇ

Tuesday, Feb 09, 2021 - 08:57 AM (IST)

ਵਾਸ਼ਿੰਗਟਨ- ਕੋਰੋਨਾ ਮਹਾਮਾਰੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਲਈ ਵਿਸ਼ਵ ਭਰ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਵਿਸ਼ਵ ਵਿਚ ਅਮਰੀਕਾ ਵਿਚ ਸਭ ਤੋਂ ਤੇਜ਼ ਕੋਰੋਨਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਅਮਰੀਕਾ ਵਿਚ ਹੁਣ ਤੱਕ ਲਗਭਗ 3.60 ਕਰੋੜ (ਤਕਰੀਬਨ 10 ਫ਼ੀਸਦੀ) ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਬ੍ਰਿਟੇਨ ਦੁਨੀਆ ਵਿਚ ਦੂਜੇ ਨੰਬਰ 'ਤੇ ਬਣਿਆ ਹੋਇਆ ਹੈ। ਇੱਥੇ ਹੁਣ ਤੱਕ 1.14 ਕਰੋੜ ਲੋਕਾਂ ਨੂੰ  ਟੀਕਾ ਲਗਾਇਆ ਗਿਆ ਹੈ। ਕੋਰੋਨਾ ਟੀਕਿਆਂ ਦੀ ਸ਼ਿਪਮੈਂਟ ਵਿਚ ਦੇਰੀ ਕਾਰਨ ਕੈਨੇਡਾ ਵਿਚ ਵੀ ਟੀਕਾਕਰਨ ਮੁਹਿੰਮ ਬਹੁਤ ਹੌਲੀ ਚੱਲ ਰਹੀ ਹੈ, ਜਿਸ ਕਾਰਨ ਲੋਕ ਸਰਕਾਰ ਦੀ ਇਸ ਅਸਫ਼ਲਤਾ ਦੀ ਆਲੋਚਨਾ ਕਰ ਰਹੇ ਹਨ। 


ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਯੂਰਪ ਦੇ ਕੁਝ ਦੇਸ਼ ਬਹੁਤ ਅਮੀਰ ਹੁੰਦੇ ਹੋਏ ਵੀ ਕੋਰੋਨਾ ਟੀਕਾਕਰਨ ਦੀ ਦੌੜ ਵਿਚ ਬਹੁਤ ਪਿੱਛੇ ਰਹਿ ਗਏ ਹਨ। ਇੱਥੋਂ ਤੱਕ ਕਿ ਉਹ ਟਾਪ-5 ਦੇਸ਼ਾਂ ਦੀ ਲਿਸਟ ਵਿਚ ਵੀ ਨਹੀਂ ਹਨ। ਜਰਮਨੀ ਵਿਚ ਹੁਣ ਤੱਕ 3 ਫ਼ੀਸਦੀ ਤੋਂ ਵੀ ਘੱਟ ਆਬਾਦੀ ਨੂੰ ਟੀਕਾ ਲੱਗਾ ਹੈ। ਟੀਕਾਕਰਨ ਦੇ ਮਾਮਲੇ ਵਿਚ ਪਿੱਛੇ ਰਹਿਣ ਕਾਰਨ ਹੀ ਕੁਝ ਸਮਾਂ ਪਹਿਲਾਂ ਯੂਰਪੀ ਯੂਨੀਅਨ ਦੀ ਆਲੋਚਨਾ ਵੀ ਕੀਤੀ ਗਈ ਸੀ। 

ਸਪੇਨ ਵਿਚ ਆਕਸਫੋਰਡ/ਐਸਟ੍ਰਾਜੇਨੇਕਾ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜ ਚੁੱਕੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਵੀਕਐਂਡ 'ਤੇ ਵੈਕਸੀਨ ਦੇ 1.96 ਲੱਖ ਖੁਰਾਕਾਂ ਉਸ ਨੂੰ ਮਿਲ ਗਈਆਂ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਜਲਦੀ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਜਰਮਨੀ ਵਿਚ ਹੁਣ ਤੱਕ ਸਿਰਫ 32 ਲੱਖ ਲੋਕਾਂ ਨੂੰ ਹੀ ਕੋਰੋਨਾ ਦਾ ਟੀਕਾ ਲੱਗਾ ਹੈ। ਇਟਲੀ ਵਿਚ ਕੋਰੋਨਾ ਦੇ ਬ੍ਰਿਟੇਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕੀ ਵੇਰੀਐਂਟ ਦੇ ਮਰੀਜ਼ ਮਿਲਣ ਦੇ ਬਾਅਦ ਤੇਜ਼ੀ ਨਾਲ ਨਵੇਂ ਰੈੱਡ ਜ਼ੋਨ ਬਣਾਏ ਗਏ ਹਨ। ਇੱਥੇ ਜ਼ਰੂਰੀ ਕੰਮਾਂ ਤੋਂ ਇਲਾਵਾ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। 

ਇਹ ਵੀ ਪੜ੍ਹੋ- ਅਮਰੀਕਾ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਰੂਪ
ਜ਼ਿਕਰਯੋਗ ਹੈ ਕਿ ਦੁਨੀਆ ਵਿਚ ਹੁਣ ਤੱਕ 10 ਕਰੋੜ 68 ਲੱਖ 18 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ 7 ਕਰੋੜ 85 ਲੱਖ 63 ਹਜ਼ਾਰ ਮਰੀਜ਼ ਠੀਕ ਹੋ ਚੁੱਕੇ ਹਨ। 23 ਲੱਖ 30 ਹਜ਼ਾਰ ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਅਜੇ 2 ਕਰੋੜ 57 ਲੱਖ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਤਕਰੀਬਨ 1 ਲੱਖ ਦੀ ਹਾਲਤ ਗੰਭੀਰ ਹੈ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News