ਚੀਨ ''ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਡਿਜ਼ਨੀ ਨੇ ਸ਼ੰਘਾਈ ''ਚ ਆਪਣਾ ਥੀਮ ਪਾਰਕ ਕੀਤਾ ਬੰਦ

03/21/2022 2:10:45 PM

ਬੀਜਿੰਗ : ਚੀਨ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦਰਮਿਆਨ ਇੱਕ ਵਾਰ ਫਿਰ ਤੋਂ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਡਿਜ਼ਨੀ ਨੇ ਸੋਮਵਾਰ ਨੂੰ ਸ਼ੰਘਾਈ ਵਿੱਚ ਆਪਣਾ ਥੀਮ ਪਾਰਕ ਬੰਦ ਕਰ ਦਿੱਤਾ ਹੈ। ਇਸ ਦੌਰਾਨ ਦੇਸ਼ ਦੇ ਦੱਖਣੀ ਵਪਾਰਕ ਕੇਂਦਰ ਸ਼ੈਂਗੇਨ ਨੇ ਇੱਕ ਹਫ਼ਤੇ ਤੋਂ ਬੰਦ ਪਈਆਂ ਦੁਕਾਨਾਂ ਅਤੇ ਦਫ਼ਤਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਨਾਲ ਹੀ, ਉੱਤਰ-ਪੂਰਬ ਵਿੱਚ ਚਾਂਗਚੁਨ ਅਤੇ ਜਿਲਿਨ ਨੇ ਇੱਕ ਵਾਰ ਫਿਰ ਸੰਕਰਮਿਤਾਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿੱਚ ਇੱਕ ਵਿਆਪਕ ਕੋਰੋਨਾ ਜਾਂਚ ਸ਼ੁਰੂ ਕੀਤੀ ਹੈ।

ਚੀਨ ਨੇ ਕੋਵਿਡ-19 ਮਹਾਂਮਾਰੀ ਦੀ ਮੌਜੂਦਾ ਲਹਿਰ ਵਿੱਚ ਦੂਜੇ ਵੱਡੇ ਦੇਸ਼ਾਂ ਦੇ ਮੁਕਾਬਲੇ ਘੱਟ ਨਵੇਂ ਸੰਕਰਮਣ ਦੀ ਰਿਪੋਰਟ ਕੀਤੀ ਹੈ, ਪਰ ਅਧਿਕਾਰੀ 'ਜ਼ੀਰੋ ਟੋਲਰੈਂਸ' ਰਣਨੀਤੀ ਅਪਣਾ ਰਹੇ ਹਨ, ਜਿਸ ਨਾਲ ਕੁਝ ਵੱਡੇ ਸ਼ਹਿਰਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਚੀਨ 'ਚ ਐਤਵਾਰ ਅੱਧੀ ਰਾਤ ਤੋਂ ਬਾਅਦ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਦੇ 2,027 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਇਕ ਦਿਨ ਪਹਿਲਾਂ ਸਾਹਮਣੇ ਆਏ 1,737 ਮਾਮਲਿਆਂ ਤੋਂ ਜ਼ਿਆਦਾ ਹਨ। ਚੀਨ ਦੇ 2.4 ਕਰੋੜ ਦੀ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ੰਘਾਈ ਵਿੱਚ, ਸਰਕਾਰ ਨੇ ਅਜੇ ਤੱਕ ਕਾਰੋਬਾਰਾਂ ਅਤੇ ਜਨਤਕ ਸਹੂਲਤਾਂ ਨੂੰ ਬੰਦ ਕਰਨ ਦਾ ਫੈਸਲਾ ਕਰਨਾ ਹੈ, ਪਰ ਲੋਕਾਂ ਨੂੰ ਜਿੰਨਾ ਵੀ ਸੰਭਵ ਹੋ ਸਕੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।

ਇੰਨਾ ਹੀ ਨਹੀਂ ਸ਼ਹਿਰ 'ਚ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਆਉਣ-ਜਾਣ ਵਾਲਿਆਂ ਲਈ ਸੰਕਰਮਨ ਪੁਸ਼ਟੀ ਨਾ ਹੋਣ ਵਾਲੀ ਰਿਪੋਰਟ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। 'ਡਿਜ਼ਨੀ' ਨੇ ਕਿਹਾ ਕਿ ਸ਼ੰਘਾਈ ਡਿਜ਼ਨੀਲੈਂਡ, ਡਿਜ਼ਨੀਟਾਊਨ ਅਤੇ ਵਿਸ਼ਿੰਗ ਸਟਾਰ ਪਾਰਕ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਸੋਮਵਾਰ ਨੂੰ ਸ਼ੰਘਾਈ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 24 ਨਵੇਂ ਮਾਮਲੇ ਸਾਹਮਣੇ ਆਏ। ਸ਼ਹਿਰ ਦੇ ਪਹਿਲੇ ਦੋ ਰਿਹਾਇਸ਼ੀ ਖੇਤਰਾਂ ਤੱਕ ਪਹੁੰਚ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਂਚ ਕੀਤੀ ਗਈ ਸੀ। ਇਸ ਦੌਰਾਨ, ਸ਼ੈਂਗੇਨ ਦੀ ਸਰਕਾਰ ਨੇ ਸੋਮਵਾਰ ਤੋਂ ਕਾਰੋਬਾਰਾਂ ਅਤੇ ਸਰਕਾਰੀ ਦਫਤਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ, ਜਦੋਂ ਕਿ ਅਧਿਕਾਰੀਆਂ ਨੇ ਲਾਗ ਦੇ ਫੈਲਣ ਨੂੰ ਰੋਕਣ ਲਈ ਕਈ ਸਾਵਧਾਨੀ ਉਪਾਅ ਕੀਤੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News