ਪਾਕਿਸਤਾਨ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 25 ਹਜ਼ਾਰ ਦੇ ਪਾਰ
Monday, Aug 23, 2021 - 05:18 PM (IST)
ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ 80 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ 25,003 ਤੱਕ ਪਹੁੰਚ ਗਿਆ। ਨੈਸ਼ਨਲ ਕਮਾਂਡ ਅਤੇ ਆਪਰੇਸ਼ਨ ਸੈਂਟਰ (ਐਨ.ਸੀ.ਓ.ਸੀ.) ਨੇ ਸੋਮਵਾਰ ਨੂੰ ਇਹ ਰਿਪੋਰਟ ਦਿੱਤੀ। ਦੇਸ਼ ਵਿਚ ਕੋਰੋਨਾ ਦੀ ਚੌਥੀ ਲਹਿਰ ਦਰਮਿਆਨ ਕੋਰੋਨਾ ਦੇ 3,772 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ ਵਿਚ ਲਾਗ ਦੀ ਦਰ 7 ਫ਼ੀਸਦੀ ਤੋਂ ਜ਼ਿਆਦਾ ਹੋ ਗਈ ਹੈ।
ਐਨ.ਸੀ.ਓ.ਸੀ. ਵਿਭਾਗ ਜੋ ਮਹਾਮਾਰੀ ਖ਼ਿਲਾਫ਼ ਦੇਸ਼ ਦੀ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ, ਨੇ ਤਾਜ਼ਾ ਅੰਕੜੇ ਆਪਣੇ ਡੈਸ਼ਬੋਰਡ ’ਤੇ ਦਿਖਾਏ ਹਨ। ਐਨ.ਸੀ.ਓ.ਸੀ. ਨੇ ਕਿਹਾ ਕਿ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਦੇਸ਼ ਭਰ ਵਿਚ ਪੀੜਤਾਂ ਦੀ ਕੁੱਲ ਸੰਖਿਆ ਵੱਧ ਕੇ 11,27,584 ਹੋ ਗਈ ਹੈ। ਪਾਕਿਸਤਾਨ ਦਾ ਦੱਖਣੀ ਸੂਬਾ ਸਿੰਧ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਥੇ ਕੋਰੋਨਾ ਦੇ 4,20,955 ਮਾਮਲੇ ਹਨ। ਇਸ ਦੇ ਬਾਅਦ ਪੰਜਾਬ ਸੂਬੇ ਵਿਚ ਪੀੜਤਾਂ ਦੀ ਸੰਖਿਆ 3,80,844 ਹੈ।
ਪਾਕਿਸਤਾਨ ਵਿਚ ਮੌਜੂਦਾ ਸਮੇਂ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਸੰਖਿਆ 89,919 ਹੈ, ਜਦੋਂਕਿ 10,12,662 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਐਨ.ਸੀ.ਓ.ਸੀ. ਨੇ ਕਿਹਾ ਕਿ ਦੇਸ਼ ਵਿਚ ਟੀਕਾਕਰਨ ਮੁਹਿੰਮ ਵਿਚ ਪਿਛਲੇ 24 ਘੰਟਿਆਂ ਵਿਚ 9,15,856 ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਦੇ ਨਵੇਂ ਅੰਕੜਿਆਂ ਮੁਤਾਬਕ ਦੇਸ਼ ਵਿਚ 3,70,43,561 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਅਤੇ 1,34,34,605 ਲੋਕਾਂ ਨੂੰ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ।