ਕੋਰੋਨਾ ਕਾਰਨ ਅਮਰੀਕੀ ਅਰਥ ਵਿਵਸਥਾ ''ਤੇ ਦਬਾਅ ਲਗਾਤਾਰ ਜਾਰੀ
Friday, Jul 03, 2020 - 01:01 AM (IST)
ਵਾਸ਼ਿੰਗਟਨ - ਅਮਰੀਕੀ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਲੋਕਾਂ ਨੂੰ ਨੌਕਰੀਆਂ ਦੇਣਾ ਜਾਰੀ ਰੱਖਿਆ ਹੈ। ਜ਼ਿਆਦਾਤਰ ਲੋਕਾਂ ਨੂੰ ਉਤਪਾਦਨ, ਰੀਟੇਲ ਅਤੇ ਹੋਸਪਿਟੈਲਿਟੀ ਵਿਚ ਨੌਕਰੀਆਂ ਮਿਲੀਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਸਰਕਾਰੀ ਰਿਪੋਰਟ 'ਤੇ ਖੁਸ਼ੀ ਜਤਾਈ ਹੈ ਜਿਸ ਵਿਚ ਪਿਛਲੇ ਮਹੀਨੇ 48 ਲੱਖ ਨਵੀਆਂ ਨੌਕਰੀਆਂ ਲੱਗਣ ਦੀ ਜਾਣਕਾਰੀ ਦਿੱਤੀ ਗਈ ਹੈ। ਟਰੰਪ ਨੇ ਆਖਿਆ ਕਿ ਅੱਜ ਦਾ ਐਲਾਨ ਦੱਸਦਾ ਹੈ ਕਿ ਸਾਡੀ ਅਰਥ ਵਿਵਸਥਾ ਫਿਰ ਪਟੜੀ 'ਤੇ ਪਰਤ ਰਹੀ ਹੈ। ਹਾਲਾਂਕਿ ਕਈ ਅਰਥ ਸਾਸ਼ਤਰੀਆਂ ਦਾ ਆਖਣਾ ਹੈ ਕਿ ਇਹ ਅਧੂਰੀ ਕਹਾਣੀ ਹੈ ਅਤੇ ਇਨਾਂ ਅੰਕੜਿਆਂ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਉਛਾਲ ਆਉਣ ਤੋਂ ਪਹਿਲਾਂ ਇਕੱਠਾ ਕੀਤਾ ਗਿਆ ਸੀ।
ਅਮਰੀਕੀ ਦੀ ਬੇਰੁਜ਼ਗਾਰੀ ਦਰ ਵਿਚ ਜੂਨ ਮਹੀਨੇ ਵਿਚ ਕਮੀ ਜ਼ਰੂਰ ਆਈ ਹੈ ਪਰ ਅਜੇ ਵੀ ਇਹ ਇਤਿਹਾਸਕ ਰੂਪ ਤੋਂ ਕਾਫੀ ਜ਼ਿਆਦਾ ਹੈ। ਬੇਸ਼ੱਕ ਜੂਨ ਮਹੀਨੇ ਵਿਚ 48 ਲੱਖ ਨੌਕਰੀਆਂ ਲੱਗੀਆਂ ਪਰ 14 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਦੇ ਫਾਇਦਾ ਪਾਉਣ ਲਈ ਅਪਲਾਈ ਕੀਤੀ ਹੈ। ਲੇਬਰ ਡਿਪਾਰਟਮੈਂਟ ਮੁਤਾਬਕ, ਬੇਰੁਜ਼ਗਾਰੀ ਦਰ ਮਈ ਦੇ 13.3 ਫੀਸਦੀ ਤੋਂ ਡਿੱਗ ਕੇ 11.1 ਫੀਸਦੀ ਪਹੁੰਚ ਗਈ ਹੈ। ਸੁਧਾਰ ਤਾਂ ਹੋਇਆ ਹੈ ਪਰ ਬੇਰੁਜ਼ਗਾਰੀ ਅਜੇ ਵੀ ਕਾਫੀ ਜ਼ਿਆਦਾ ਹੈ। ਅਮਰੀਕਾ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਵਿਚ ਬੇਰੁਜ਼ਗਾਰੀ ਦਰ ਸਿਰਫ 3.5 ਫੀਸਦੀ ਸੀ।