ਕੋਰੋਨਾ : ਦੁਨੀਆ 'ਚ ਹੋਈ ਆਲੋਚਨਾ 'ਤੇ ਭੜਕਿਆ ਚੀਨ

Friday, Apr 24, 2020 - 07:27 PM (IST)

ਕੋਰੋਨਾ : ਦੁਨੀਆ 'ਚ ਹੋਈ ਆਲੋਚਨਾ 'ਤੇ ਭੜਕਿਆ ਚੀਨ

ਪੇਈਚਿੰਗ (ਏਜੰਸੀ)- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਤੇ ਵਰ੍ਹ ਰਿਹਾ ਹੈ। ਕਈ ਦੇਸ਼ ਇਸ ਵਾਇਰਸ ਨੂੰ ਰੋਕਣ ਲਈ ਵੈਕਸੀਨ ਦੀ ਭਾਲ ਕਰ ਰਹੇ ਹਨ। ਦਸੰਬਰ 2019 ਨੂੰ ਚੀਨ ਦੇ ਵੁਹਾਨ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਵਿਚ ਹੁਣ ਤੱਕ ਤਕਰੀਬਨ 2 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਏਸ਼ੀਆ, ਅਮਰੀਕਾ, ਯੂਰਪ ਹਰ ਥਾਂ ਚੀਨ ਖਿਲਾਫ ਆਵਾਜ਼ ਉਠ ਰਹੀ ਹੈ। ਚੀਨ 'ਤੇ ਦੋਸ਼ ਹੈ ਕਿ ਉਸ ਨੇ ਕੋਵਿਡ-19 ਮਹਾਂਮਾਰੀ ਦੀ ਨਾ ਸਿਰਫ ਜਾਣਕਾਰੀ ਲੁਕਾਈ ਹੈ, ਸਗੋਂ ਉਸ ਨੂੰ ਵਿਸ਼ਵ ਵਿਚ ਫੈਲਣ ਤੋਂ ਰੋਕਣ ਵਿਚ ਤੁਰੰਤ ਕਾਰਵਾਈ ਨਹੀਂ ਕੀਤੀ। ਉਥੇ ਹੀ ਇਨ੍ਹਾਂ ਦੋਸ਼ਾਂ ਵਿਚਾਲੇ ਚੀਨੀ ਰਾਜਦੂਤਾਂ ਦਾ ਬਹੁਤ ਹੀ ਹਮਲਾਵਰ ਰਵੱਈਆ ਦੇਖਣ ਨੂੰ ਮਿਲ ਰਿਹਾ ਹੈ।

ਏਸ਼ੀਆ ਤੋਂ ਲੈ ਕੇ ਅਫਰੀਕਾ, ਲੰਡਨ ਤੋਂ ਲੈ ਕੇ ਬਰਲਿਨ ਤੱਕ ਚੀਨੀ ਰਾਜਦੂਤ ਉਸ ਵੇਲੇ ਹਮਲਾਵਰ ਰਣਨੀਤੀ ਅਪਣਾ ਲੈਂਦੇ ਹਨ ਜਦੋਂ ਉਨ੍ਹਾਂ ਦੇ ਦੇਸ਼ 'ਤੇ ਕੋਰੋਨਾ ਵਾਇਰਸ ਸੰਸਾਰਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ। ਵੁਲਫ ਵਾਰੀਅਰ ਡਿਪਲੋਮੈਟਾਂ ਦੀ ਨਵੀਂ ਪੀੜ੍ਹੀ ਨਾਲ ਸਬੰਧਿਤ ਹੈ। ਉਨ੍ਹਾਂ ਨੂੰ ਇਹ ਨਾਂ ਇਕ ਬਲਾਕਬਸਟਰ ਫਿਲਮ ਦੇ ਨਾਂ 'ਤੇ ਦਿੱਤਾ ਗਿਆ ਹੈ ਜਿਸ ਵਿਚ ਇਕ ਚੀਨੀ ਕਮਾਂਡੋ ਅਫਰੀਕਾ ਅਤੇ ਦੱਖਣ ਪੂਰਬੀ ਏਸ਼ੀਆ ਵਿਚ ਬੁਰੇ ਅਮਰੀਕੀਆਂ ਨੂੰ ਕਤਲ ਕਰਦਾ ਹੈ।

ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਅਗਵਾਈ ਵਿਚ ਚੀਨੀ ਡਿਪਲੋਮੈਟ ਸਖ਼ਤ ਰਵੱਈਆ ਅਪਣਾਉਂਦੇ ਰਹੇ ਹਨ ਸਰਕਾਰੀ ਨਿਊਜ਼ ਗਲੋਬਲ ਟਾਈਮਜ਼ ਦੇ ਇਕ ਆਰਟੀਕਲ ਵਿਚ ਕਿਹਾ ਗਿਆ ਹੈ ਕਿ ਉਹ ਬੀਤੇ ਦਿਨਾਂ ਦੀ ਗੱਲ ਹੈ ਜਦੋਂ ਦੂਜੇ ਲੋਕ ਚੀਨ ਨੂੰ ਕੰਟਰੋਲ ਕਰ ਸਕਦੇ ਸਨ। ਚੀਨ ਦੇ ਲੋਕ ਹੁਣ ਨਰਮ ਰਣਨੀਤਕ ਰੁੱਖ ਨਾਲ ਸੰਤੁਸ਼ਟ ਨਹੀਂ ਹਨ। ਸਵੀਡਨ ਵਿਚ ਰਾਜਦੂਤ ਗੁਈ ਕੋਂਗਕਿਓਮ ਨੇ ਪੱਤਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਦੀ ਤੁਲਨਾ ਇਕ ਅਜਿਹੇ ਹਲਕੇ ਮੁੱਕੇਬਾਜ਼ ਨਾਲ ਕੀਤੀ ਜੋ ਤਾਕਤਵਰ ਮੁੱਕੇਬਾਜ਼ ਨਾਲ ਟੱਕਰ ਚਾਹੁੰਦਾ ਹੈ। ਸਫਾਰਤਖਾਨੇ ਦੀ ਵੈਬਸਾਈਟ 'ਤੇ ਪਿਛਲੇ ਮਹੀਨੇ ਇਕ ਕਮੈਂਟਰੀ ਵਿਚ ਸਵੀਡਨ ਦੇ ਪੱਤਰਕਾਰ 'ਤੇ ਉਸ ਲੇਖ ਲਈ ਨਿਸ਼ਾਨਾ ਸਾਧਿਆ ਗਿਆ ਸੀ, ਜੋ ਚੀਨ ਵਿਚ ਇਕ ਪਾਰਟੀ ਦੀ ਰਾਜਨੀਤਕ ਵਿਵਸਥਾ ਦੇ ਵਾਇਰਸ ਨਾਲ ਨਜਿੱਠਣ ਦੇ ਉਸ ਦੇ ਤਰੀਕੇ 'ਤੇ ਪੈਣ ਵਾਲੇ ਅਸਰ 'ਤੇ ਅਧਾਰਿਤ ਸੀ।

ਮਾਹਰਾਂ ਦਾ ਮੰਨਣਾ ਹੈ ਕਿ ਪੇਈਚਿੰਗ ਆਲੋਚਕਾਂ ਨੂੰ ਨਾ ਸਿਰਫ ਉਸ ਦੇ ਨਾਂ ਸਗੋਂ ਉਸ ਦੀ ਅਗਵਾਈ ਅਤੇ ਸ਼ਾਸਨ ਕਰਨ ਦੇ ਅਧਿਕਾਰ 'ਤੇ ਹਮਲੇ ਦੇ ਤੌਰ 'ਤੇ ਦੇਖਦਾ ਹੈ। ਰੇਨਮਿਨ ਯੂਨੀਵਰਸਿਟੀ ਵਿਚ ਇੰਟਰਨੈਸ਼ਨਲ ਸਟੱਡੀਜ਼ ਦੇ ਪ੍ਰੋਫੈਸਰ ਸ਼ੀ ਵਿਨਹੋਂਗ ਨੇ ਕਿਹਾ ਕਿ ਜੇਕਰ ਕੋਈ ਇਸ ਮੁੱਦੇ 'ਤੇ ਚੀਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਚੀਨ ਸਖ਼ਤੀ ਨਾਲ ਜਵਾਬੀ ਹਮਲਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਚੀਨੀ ਨੇਤਾ ਮੰਨਦੇ ਹਨ ਕਿ ਜੇਕਰ ਚੀਨ ਪਲਟਵਾਰ ਨਹੀਂ ਕਰਦਾ ਹੈ ਤਾਂ ਇਹ ਚੀਨ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾਏਗਾ।


author

Sunny Mehra

Content Editor

Related News