ਸਕਾਟਲੈਂਡ ਦੇ ਪਹਿਲੇ ਹਾਈਡ੍ਰੋਜਨ ਪਾਵਰ ਪਲਾਂਟ ਦੀ ਨਿਰਮਾਣ ਯੋਜਨਾ ਕੌਂਸਲ ਨੂੰ ਸੌਂਪੀ

Thursday, Aug 19, 2021 - 04:04 PM (IST)

ਸਕਾਟਲੈਂਡ ਦੇ ਪਹਿਲੇ ਹਾਈਡ੍ਰੋਜਨ ਪਾਵਰ ਪਲਾਂਟ ਦੀ ਨਿਰਮਾਣ ਯੋਜਨਾ ਕੌਂਸਲ ਨੂੰ ਸੌਂਪੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਬੇਲੋੜੇ ਪਲਾਸਟਿਕ ਦੀ ਵਰਤੋਂ ਕਰ ਕੇ ਇਸ ਨੂੰ ਹਾਈਡ੍ਰੋਜਨ ’ਚ ਤਬਦੀਲ ਕਰਨ ਦੇ ਉਦੇਸ਼ ਨਾਲ ਬਣਾਏ ਜਾਣ ਵਾਲੇ ਪਲਾਂਟ ਦੇ ਨਿਰਮਾਣ ਦੀ ਯੋਜਨਾ ਅਗਲੀ ਕਾਰਵਾਈ ਲਈ ਕੌਂਸਲ ਨੂੰ ਸੌਂਪੀ ਗਈ ਹੈ। ਇਸ ਸਬੰਧੀ ਪੀਲ ਐੱਨ. ਆਰ. ਈ. ਨੇ ਵੈਸਟ ਡਨਬਰਟਨਸ਼ਾਇਰ ਕੌਂਸਲ ਨੂੰ ਇਸ ਦੀ ਇੱਕ ਯੋਜਨਾਬੰਦੀ ਦੀ ਅਰਜ਼ੀ ਸੌਂਪੀ ਹੈ, ਜਿਸ ਅਨੁਸਾਰ ਇਹ ਸਕਾਟਲੈਂਡ ਦੀ ਪਹਿਲੀ ਪਲਾਸਟਿਕ ਤੋਂ ਹਾਈਡ੍ਰੋਜਨ ਬਣਾਉਣ ਦੀ ਸਹੂਲਤ ਹੋਵੇਗੀ। ਕਲਾਈਡ ਨਦੀ ਦੇ ਉੱਤਰੀ ਕੰਢੇ ’ਤੇ ਰੋਥੇਸੇ ਡੌਕ ’ਤੇ 20 ਮਿਲੀਅਨ ਪੌਂਡ ਦੀ ਲਾਗਤ ਵਾਲਾ ਇਹ ਪਲਾਂਟ ਨਾਵਰਤੋਂਯੋਗ ਪਲਾਸਟਿਕ ਦੀ ਵਰਤੋਂ ਹਾਈਡ੍ਰੋਜਨ ’ਚ ਤਬਦੀਲ ਕਰਨ ਲਈ ਕਰੇਗਾ, ਜਿਸ ਉਪਰੰਤ ਇਸ ਹਾਈਡ੍ਰੋਜਨ ਦੀ ਵਰਤੋਂ ਬੱਸਾਂ, ਕਾਰਾਂ ਅਤੇ ਐੱਚ. ਜੀ. ਵੀ. ਲਈ ਬਾਲਣ ਵਜੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜੋਅ ਬਾਈਡੇਨ ਦਾ ਵੱਡਾ ਫ਼ੈਸਲਾ,  31 ਅਗਸਤ ਤੋਂ ਬਾਅਦ ਵੀ ਅਮਰੀਕੀ ਫੌਜੀ ਅਫਗਾਨਿਸਤਾਨ ’ਚ ਰਹਿਣਗੇ ਤਾਇਨਾਤ

ਇਸ ਲਈ ਇਸ ਦੀ ਸਾਈਟ ’ਤੇ ਲਿੰਕਡ ਹਾਈਡ੍ਰੋਜਨ ਰਿਫਿਊਲਿੰਗ ਸਟੇਸ਼ਨ ਲਾਉਣ ਦੀ ਵੀ ਯੋਜਨਾ ਹੈ। 13,500 ਟਨ ਦੀ ਸਮਰੱਥਾ ਵਾਲਾ ਇਹ ਪਲਾਂਟ ਪਾਵਰ ਹਾਊਸ ਐਨਰਜੀ ਗਰੁੱਪ ਪੀ. ਐੱਲ. ਸੀ. ਵੱਲੋਂ ਵਿਕਸਿਤ ਕੀਤੀ ਤਕਨਾਲੋਜੀ ਦੀ ਵਰਤੋਂ ਕਰੇਗਾ। ਕੰਪਨੀ ਵੱਲੋਂ ਇਸ ਪਲਾਂਟ ਲਈ ਯੋਜਨਾਬੰਦੀ ਦੀ ਅਰਜ਼ੀ ਹੁਣ ਸਥਾਨਕ ਹਿੱਸੇਦਾਰਾਂ ਨਾਲ ਗੱਲਬਾਤ ਤੋਂ ਬਾਅਦ ਵੈਸਟ ਡਨਬਰਟਨਸ਼ਾਇਰ ਕੌਂਸਲ ਨੂੰ ਸੌਂਪ ਦਿੱਤੀ ਗਈ ਹੈ, ਜਿਸ ਲਈ ਪੱਤਝੜ ਤੱਕ ਇੱਕ ਫੈਸਲੇ ਦੀ ਉਮੀਦ ਕੀਤੀ ਜਾਂਦੀ ਹੈ। ਜੇ ਕੌਂਸਲ ਵੱਲੋਂ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਸ ਦੀ ਉਸਾਰੀ ਨੂੰ ਪੂਰਾ ਹੋਣ ’ਚ ਲਗਭਗ 15 ਮਹੀਨੇ ਲੱਗਣਗੇ। ਪੀਲ ਐੱਨ. ਆਰ. ਈ. ਦੇ ਵਿਕਾਸ ਨਿਰਦੇਸ਼ਕ ਰਿਚਰਡ ਬਾਰਕਰ ਅਨੁਸਾਰ ਇਸ ਪਲਾਂਟ ਦੀ ਮੱਦਦ ਨਾਲ ਸਮਾਜ ’ਚੋਂ ਸਾਰੇ ਪਲਾਸਟਿਕ ਨੂੰ ਹਟਾ ਕੇ ਅਤੇ ਉਸ ਦੀ ਮੁੜ ਵਰਤੋਂ ਕਰ ਕੇ ਇਸ ਦੀ ਵਰਤੋਂ ਚੰਗੇ ਕੰਮਾਂ ਲਈ ਕਰ ਸਕਦੇ ਹਾਂ ਅਤੇ ਹਾਈਡ੍ਰੋਜਨ ਵੀ ਪੈਦਾਵਾਰ ਨਾਲ ਡੀਜ਼ਲ ਬਾਲਣ ਨਾਲ ਜੁੜੇ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਸਥਾਨਕ ਹਵਾ ਦੀ ਗੁਣਵੱਤਾ ’ਚ ਸੁਧਾਰ ਕਰਨ ’ਚ ਵੀ ਸਹਾਇਤਾ ਮਿਲ ਸਕਦੀ ਹੈ।


author

Manoj

Content Editor

Related News