ਸਕਾਟਲੈਂਡ ''ਚ ਕੋਰੋਨਾ ਵਾਇਰਸ ਟੈਸਟਿੰਗ ਲਈ ਵੱਡੀ ਲੈਬ ਦਾ ਨਿਰਮਾਣ ਰੁਕਿਆ

Thursday, Jan 28, 2021 - 02:26 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਤੋਂ ਬਚਾਅ ਅਤੇ ਅੱਗੇ ਫੈਲਣ ਤੋਂ ਰੋਕਣ ਲਈ ਇਸ ਦਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਯੂ. ਕੇ. ਸਰਕਾਰ ਵਲੋਂ ਕੋਰੋਨਾ ਟੈਸਟਿੰਗ ਨੂੰ ਵੱਡੇ ਪੱਧਰ 'ਤੇ ਕਰਨ ਲਈ ਇਕ-ਦੋ ਵੱਡੀਆਂ ਕੋਰੋਨਾ ਟੈਸਟ ਲੈਬ ਨੂੰ ਖੋਲ੍ਹਣਾ ਸੀ, ਜਿਨ੍ਹਾਂ ਵਿਚੋਂ ਇਕ ਸਕਾਟਲੈਂਡ ਲਈ ਮਨਜ਼ੂਰ ਕੀਤੀ ਗਈ ਸੀ ਪਰ ਹੁਣ ਇਸ ਦਾ ਨਿਰਮਾਣ ਰੋਕ ਦਿੱਤਾ ਗਿਆ ਹੈ। ਯੂ. ਕੇ. ਸਰਕਾਰ ਦੇ ਐਲਾਨ ਅਨੁਸਾਰ ਸਕਾਟਲੈਂਡ ਵਿਚ ਕਿਸੇ ਅਣਜਾਣ ਸਥਾਨ 'ਤੇ ਕੋਵਿਡ-19 ਟੈਸਟਿੰਗ ਮੈਗਾ ਲੈਬ ਦਾ ਨਿਰਮਾਣ ਰੋਕਿਆ ਗਿਆ ਹੈ।  

ਇਸ ਲੈਬ ਨੂੰ ਖੋਲ੍ਹਣ ਸੰਬੰਧੀ ਸਰਕਾਰ ਨੇ ਨਵੰਬਰ ਵਿਚ ਘੋਸ਼ਣਾ ਕੀਤੀ ਸੀ ਅਤੇ ਸਕਾਟਲੈਂਡ ਵਿਚ ਇਕ ਵੱਡੀ ਲੈਬ ਦੀ 2021 ਦੇ ਸ਼ੁਰੂ ਵਿਚ ਚਾਲੂ ਹੋ ਜਾਣ ਦੀ ਉਮੀਦ ਸੀ। ਇਸ ਲੈਬ ਦੇ ਨਿਰਮਾਣ ਨਾਲ ਕੋਰੋਨਾ ਵਾਇਰਸ ਟੈਸਟਾਂ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ ਵਿਚ ਤਕਰੀਬਨ ਤਿੰਨ ਲੱਖ ਟੈਸਟਾਂ ਦੇ ਜੁੜਨ ਦੀ ਵੀ ਸੰਭਾਵਨਾ ਸੀ ਪਰ ਮੰਗਲਵਾਰ ਨੂੰ ਸਰਕਾਰ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਇਸ ਲੈਬ ਦੀ ਲੰਬੇ ਸਮੇਂ ਦੀ ਮੰਗ ਸੰਬੰਧੀ ਮੁਲਾਂਕਣ  ਕਰਨ ਕਰਕੇ ਇਸ ਦੇ ਨਿਰਮਾਣ ਨੂੰ ਰੋਕਣਾ ਹੋਵੇਗਾ। 

ਇਸ ਸੰਬੰਧੀ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਦੀਆਂ ਪ੍ਰਯੋਗਸ਼ਾਲਾਵਾਂ ਦੀ ਸਮਰੱਥਾ ਵਿਚ ਦਸ ਗੁਣਾ ਵਾਧਾ ਹੋਇਆ ਹੈ ਪਰ ਹੁਣ ਪੂਰੇ ਯੂ. ਕੇ. ਵਿਚ ਟੀਕਾਕਰਨ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਪੀ. ਸੀ. ਆਰ. ਟੈਸਟਿੰਗ ਦੀ ਲੰਮੇ ਸਮੇਂ ਦੀ ਮੰਗ ਉੱਤੇ ਟੀਕੇ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਤੱਕ ਲੈਬ ਦੇ ਵਿਕਾਸ ਨੂੰ ਰੋਕਿਆ ਗਿਆ ਹੈ। ਜਦਕਿ ਸਕਾਟਲੈਂਡ ਦੇ ਕੁੱਝ ਸਿਹਤ ਮਾਹਰਾਂ ਨੇ ਖੇਤਰ ਵਿਚ ਵੱਡੀ ਪੱਧਰ 'ਤੇ ਕੋਰੋਨਾ ਟੈਸਟ ਕਰਨ ਲਈ ਇਸ ਵੱਡੀ ਲੈਬ ਦੇ ਨਿਰਮਾਣ ਨੂੰ ਮਹੱਤਵਪੂਰਨ ਦੱਸਿਆ ਹੈ।


Lalita Mam

Content Editor

Related News