ਆਸਟਰੇਲੀਆ ''ਚ ਸੰਵਿਧਾਨਕ ਸੰਕਟ, ਸੰਸਦ ਮੈਂਬਰਾਂ ਨੂੰ ਸਾਬਤ ਕਰਨੀ ਹੋਵੇਗੀ ਨਾਗਰਿਕਤਾ
Thursday, Nov 09, 2017 - 04:39 AM (IST)

ਕੈਨਬਰਾ— ਆਸਟਰੇਲੀਆ 'ਚ ਨੇਤਾਵਾਂ ਦੀ ਦੋਹਰੀ ਨਾਗਰਿਕਤਾ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਵਿਵਾਦ ਜਾਰੀ ਹੈ ਆਸਟਰੇਸਲੀਆ ਦੇ ਪ੍ਰਧਾਨ ਮੰਤਰੀ ਤੇ ਸਾਰੇ 226 ਸੰਸਦ ਮੈਂਬਰਾਂ ਨੂੰ ਹੁਣ ਆਪਣੀ ਨਾਗਰਿਕਤਾ ਦਾ ਸਬੂਤ ਦੇਣਾ ਹੋਵੇਗਾ। ਉਨ੍ਹਾਂ ਨੂੰ ਸਾਬਿਤ ਕਰਨਾ ਹੋਵੇਗਾ ਕਿ ਉਹ ਸਿਰਫ ਆਸਟਰੇਲੀਆ ਦੇ ਹੀ ਨਾਗਰਿਕ ਹਨ। ਪਹਿਲੀ ਵਾਰ ਦੁਨੀਆ ਦੇ ਕਿਸੇ ਦੇ ਦੇਸ਼ 'ਚ ਸੰਸਦ ਮੈਂਬਰਾਂ ਦੀ ਨਾਗਰਿਕਤਾ ਨੂੰ ਲੈ ਕੇ ਅਜਿਹਾ ਸੰਕਟ ਪੈਦਾ ਹੋਇਆ ਹੈ। ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਖੁਦ ਵੀ ਇਸ ਨਿਯਮ ਦੀ ਪਾਲਣ ਕਰਨਗੇ।
ਦੱਸ ਦਈਏ ਕਿ ਬੀਤੇ ਦਿਨੀਂ ਆਸਟਰੇਲੀਆ ਦੀ ਹਾਈ ਕੋਰਟ ਨੇ ਦੋਹਰੀ ਨਾਗਰਿਕਤਾ ਕਾਰਨ 7 ਨੇਤਾਵਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਉਪ ਪ੍ਰਧਾਨ ਮੰਤਰੀ ਬਾਰਨਬਾਏ ਜੋਇਸ ਵੀ ਇਨ੍ਹਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਦੋਹਰੀ ਨਾਗਰਿਕਤਾ ਕਾਰਨ ਅਯੋਗ ਕਰਾਰ ਦਿੱਤਾ ਗਿਆ। ਉਪ ਪ੍ਰਧਾਨ ਮੰਤਰੀ ਜੋਇਸ ਨੇ ਨਿਊਜ਼ੀਲੈਂਡ 'ਚ ਆਪਣੀ ਨਾਗਰਿਕਤਾ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਪਿਤਾ ਨਿਊਜ਼ੀਲੈਂਡ ਦੇ ਸਨ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਉਥੋਂ ਦੀ ਵੀ ਨਾਗਰਿਕਤਾ ਮਿਲ ਗਈ ਸੀ। ਦੱਸ ਦਈਏ ਕਿ ਆਸਟਰੇਲੀਆ ਦੀ ਰਾਜਨੀਤੀ 'ਚ ਕਿਸੇ ਰਾਜ ਨੇਤਾ ਦੀ ਦੋਹਰੀ ਨਾਗਰਿਕਤਾ ਦਾ ਮਸਲਾ ਇਸ ਸਾਲ ਜੁਲਾਈ 'ਚ ਭਖਿਆ ਸੀ, ਜਿਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਨੂੰ ਇਸ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਪਈ ਸੀ। ਆਸਟਰੇਲੀਆ ਸੰਵਿਧਾਨ ਮੁਤਾਬਕ ਦੋਹਰੀ ਨਾਗਰਿਕਤਾ ਹੋਣ 'ਤੇ ਕਿਸੇ ਵਿਅਕਤੀ ਨੂੰ ਸਰਕਾਰ ਲਈ ਚੁਣਿਆ ਨਹੀਂ ਜਾ ਸਕਦਾ। ਉਪ ਪ੍ਰਧਾਨ ਮੰਤਰੀ ਦੇ ਬਰਖਾਸਤ ਹੋਣ ਤੋਂ ਬਾਅਦ ਸਰਕਾਰ ਵੀ ਖਤਰੇ 'ਚ ਆ ਗਈ ਹੈ। ਟਰਨਬੁੱਲ ਨੇ ਇਸ ਪੂਰੇ ਮਾਮਲੇ ਨੂੰ ਦੇਸ਼ ਦਾ ਵੱਡਾ ਸੰਵਿਧਾਨਕ ਸੰਕਟ ਦੱਸਿਆ ਹੈ। ਟਰਨਬੁੱਲ ਨੇ ਦੱਸਿਆ ਕਿ ਹੇਠਲੇ ਸਦਨ ਨੂੰ 150 ਤੇ ਉਪਰਲੇ ਸਦਨ ਦੇ 76 ਸੰਸਦ ਮੈਂਬਰਾਂ ਨੂੰ 21 ਦਿਨਾਂ ਦੇ ਅੰਦਰ ਆਸਟਰੇਲੀਆ ਦੀ ਨਾਗਰਿਕਤਾ ਦਾ ਸਬੂਤ ਦੇਣਾ ਹੋਵੇਗਾ।