ਅਗਲੇ ਸਾਲ ਤੱਕ ਹੀ ਆਮ ਹੋਣਗੇ ਹਾਲਾਤ : ਡਾ. ਫਾਓਚੀ

Saturday, Jul 25, 2020 - 10:37 PM (IST)

ਅਗਲੇ ਸਾਲ ਤੱਕ ਹੀ ਆਮ ਹੋਣਗੇ ਹਾਲਾਤ : ਡਾ. ਫਾਓਚੀ

ਵਾਸ਼ਿੰਗਟਨ - ਅਮਰੀਕਾ ਦੇ ਪ੍ਰਮੁੱਖ ਅਤੇ ਸੀਨੀਅਰ ਸਿਹਤ ਮਾਹਿਰ ਡਾਕਟਰ ਐਂਥਨੀ ਫਾਓਚੀ ਨੇ ਕਿਹਾ ਕਿ ਸਾਨੂੰ ਸਥਿਤੀ ਆਮ ਹੋਣ ਦੀ ਉਮੀਦ ਅਗਲੇ ਸਾਲ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਅਸਲ ਵਿਚ ਸਥਿਤੀ ਆਮ ਹੋਣ ਦੀ ਗੱਲ ਅਗਲੇ ਸਾਲ 2021 ਵਿਚ ਹੀ ਕਰਨੀ ਚਾਹੀਦੀ ਹੈ। ਡਾਕਟਰ ਫਾਓਚੀ ਨੇ ਕਿਹਾ ਕਿ ਇਸ ਸਾਲ ਦੇ ਆਖਿਰ ਤੱਕ ਅਮਰੀਕਾ ਵਿਚ ਕੋਰੋਨਾਵਾਇਰਸ ਦੀ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਉਪਲੱਬਧ ਹੋਵੇਗੀ ਪਰ ਇਸ ਨੂੰ ਪੂਰੀ ਦੁਨੀਆ ਵਿਚ ਪਹੁੰਚਣ ਵਿਚ ਕਈ ਹੋਰ ਮਹੀਨੇ ਲੱਗ ਜਾਣਗੇ। ਦੂਜੇ ਪਾਸੇ ਅਮਰੀਕਾ ਵਿਚ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ ਹਾਲਾਂਕਿ ਉਥੇ ਮੌਤਾਂ ਦਾ ਅੰਕੜਾ ਪਹਿਲਾਂ ਨਾਲੋਂ ਘੱਟ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਡਾਕਟਰ ਫਾਓਚੀ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ ਜਿਹੜੇ ਕਿ ਟਰੰਪ ਪ੍ਰਸ਼ਾਸਨ ਨੂੰ ਪਸੰਦ ਨਹੀਂ ਆਏ। ਜਿਵੇਂ ਡਾ. ਫਾਓਚੀ ਨੇ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਸੀ ਪਰ ਟਰੰਪ ਪ੍ਰਸ਼ਾਸਨ ਪਹਿਲਾਂ ਤਾਂ ਇਸ ਨੂੰ ਨਕਾਰਦਾ ਰਿਹਾ ਪਰ ਫਿਰ ਰਾਸ਼ਟਰਪਤੀ ਡੋਨਾਲਡ ਟਰੰਪ ਕੁਝ ਦਿਨ ਪਹਿਲਾਂ ਮਾਸਕ ਪਾਈ ਨਜ਼ਰ ਆਏ ਅਤੇ ਫਿਰ ਲੋਕਾਂ ਨੂੰ ਵੀ ਮਾਸਕ ਪਾਉਣ ਦਾ ਸੁਝਾਅ ਦਿੱਤਾ। ਉਥੇ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 4,278,067 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 148,967 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,036,752 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News