ਤਾਲਿਬਾਨ ਰਾਜ ’ਚ ਅਫ਼ਗਾਨਿਸਤਾਨ ਦੇ ਹਾਲਾਤ ਖ਼ਰਾਬ, ਕਾਬੁਲ ’ਚ 8 ਬੱਚਿਆਂ ਦੀ ਭੁੱਖ ਨਾਲ ਮੌਤ
Monday, Oct 25, 2021 - 03:43 PM (IST)
ਕਾਬੁਲ : ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦੇਸ਼ ’ਚ ਗਰੀਬੀ-ਭੁੱਖਮਰੀ, ਬੇਰੁਜ਼ਗਾਰੀ ਨੇ ਲੋਕਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਸਾਬਕਾ ਸੰਸਦ ਮੈਂਬਰ ਹਾਜ਼ੀ ਮੁਹੰਮਦ ਮੋਹਕ ਨੇ ਐਤਵਾਰ ਕਿਹਾ ਕਿ ਪੱਛਮੀ ਕਾਬੁਲ ’ਚ 8 ਬੱਚਿਆਂ ਦੀ ਭੁੱਖ ਨਾਲ ਮੌਤ ਹੋ ਗਈ ਹੈ, ਜੋ ਮੁੱਖ ਤੌਰ ’ਤੇ ਹਜ਼ਾਰਾ ਘੱਟਗਿਣਤੀ ਹਨ । ਰੂਸੀ ਸਮਾਚਾਰ ਏਜੰਸੀ ਸਪੂਤਨਿਕ ਦੇ ਹਵਾਲੇ ਨਾਲ ਮੋਹਕ ਨੇ ਫੇਸਬੁੱਕ ’ਤੇ ਲਿਖਿਆ,‘‘ਪੱਛਮੀ ਕਾਬੁਲ ’ਚ ਗਰੀਬੀ ਤੇ ਭੁੱਖ ਨੇ ਅੱਠ ਬੱਚਿਆਂ ਦੀ ਜਾਨ ਲੈ ਲਈ ਹੈ।’’ ਮੋਹਕ ਨੇ ਕਿਹਾ ਕਿ ਤਾਲਿਬਾਨ ਸੱਤਾ ’ਚ ਆਉਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਲੋਕਾਂ ਲਈ ਲੋੜੀਂਦਾ ਜੀਵਨ ਪੱਧਰ ਯਕੀਨੀ ਕਰਨ ’ਚ ਸਮਰੱਥ ਨਹੀਂ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਅਫ਼ਗਾਨਿਸਤਾਨ ’ਚ ਹਜ਼ਾਰਾ ਤੇ ਸ਼ੀਆ ਲੋਕਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਅਫ਼ਗਾਨਿਸਤਾਨ ’ਚ ਘੱਟਗਿਣਤੀਆਂ ਨੂੰ ਉਨ੍ਹਾਂ ਦੀ ਧਾਰਮਿਕ ਤੇ ਜਾਤੀ ਪਛਾਣ ਦੇ ਆਧਾਰ ’ਤੇ ਟੀਚਾਬੱਧ ਕਤਲਾਂ, ਹਿੰਸਾ ਤੇ ਭੇਦਭਾਵ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਤਾਲਿਬਾਨ ਵੱਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੁ਼ਸ਼ਟੀ ਕਰਦਿਆਂ ਅਧਿਕਾਰ ਸਮੂਹ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਇਕ ਦਸਤਾਵੇਜ਼ ਜਾਰੀ ਕੀਤਾ ਕਿ ਕਿਵੇਂ ਤਾਲਿਬਾਨ ਨੇ ਜਾਤੀ ਹਜ਼ਾਰਾ ਭਾਈਚਾਰੇ ਦੇ ਮੈਂਬਰਾਂ ਦਾ ਕਤਲੇਆਮ ਕੀਤਾ। ਅਫ਼ਗਾਨਿਸਤਾਨ ਦੀ ਆਬਾਦੀ ਦੇ 9 ਫੀਸਦੀ ਹਜ਼ਾਰਾ ਲੋਕ ਸ਼ੀਆ ਇਸਲਾਮ ਦੀ ਪਾਲਣਾ ਕਰਦੇ ਹਨ। ਅਧਿਕਾਰ ਸਮੂਹਾਂ ਦੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਬੀਤੇ ’ਚ ਤਾਲਿਬਾਨ ਵੱਲੋਂ ਗੰਭੀਰ ਤੌਰ ’ਤੇ ਸਤਾਇਆ ਗਿਆ ਹੈ। ਅਗਸਤ ਦੇ ਮੱਧ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਕਈ ਅੰਤਰਰਾਸ਼ਟਰੀ ਸਮੂਹ ਦੇਸ਼ ’ਚ ਰਹਿਣ-ਸਹਿਣ ਦੀ ਵਿਗੜਦੀ ਹਾਲਤ ’ਤੇ ਖਤਰੇ ਦਾ ਅਲਾਰਮ ਵਜਾ ਰਹੇ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਦੁਨੀਆ ਤੋਂ ਦੇਸ਼ ਲਈ ‘ਬਣਾਉਣ ਜਾਂ ਤੋੜਨ’ਦੇ ਪਲ ’ਚ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।