ਪਾਕਿਸਤਾਨ ''ਚ 16 ਅਕਤੂਬਰ ਤੱਕ ਪੂਰਨ ਲਾਕਡਾਊਨ, ਨਾ ਕੋਈ ਵਿਆਹ ਸਮਾਗਮ ਹੋਵੇਗਾ ਅਤੇ ਨਾ ਹੀ ਕੋਈ ਪਾਰਟੀ
Saturday, Oct 12, 2024 - 06:23 PM (IST)
ਇਸਲਾਮਾਬਾਦ : ਪਾਕਿਸਤਾਨ 'ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ 12 ਤੋਂ 16 ਅਕਤੂਬਰ ਤੱਕ ਲਾਕਡਾਊਨ ਲਾਗੂ ਰਹੇਗਾ, ਜਿਸ ਤਹਿਤ ਮੈਰਿਜ ਹਾਲ, ਕੈਫੇ, ਰੈਸਟੋਰੈਂਟ ਅਤੇ ਸਨੂਕਰ ਕਲੱਬਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਸਮੇਂ ਦੌਰਾਨ ਕੋਈ ਵੀ ਜਨਤਕ ਸਮਾਗਮ ਨਾ ਹੀ ਕੋਈ ਵਿਆਹ ਸਮਾਗਮ, ਨਾ ਹੀ ਕਿਸੇ ਪਾਰਟੀ ਜਾਂ ਹੋਰ ਜਨਤਕ ਸਮਾਗਮ ਦੀ ਆਗਿਆ ਹੋਵੇਗੀ। ਇਹ ਸਖ਼ਤ ਕਦਮ ਐੱਸਸੀਓ ਸੰਮੇਲਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ, ਜਿਸ ਵਿਚ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਹੋਰ ਦੇਸ਼ਾਂ ਦੇ ਮੁਖੀ ਸ਼ਾਮਲ ਹੋਣ ਵਾਲੇ ਹਨ। ਇਹ ਕਾਨਫਰੰਸ 16 ਅਤੇ 17 ਅਕਤੂਬਰ ਨੂੰ ਇਸਲਾਮਾਬਾਦ ਵਿਚ ਹੋਵੇਗੀ।
ਫ਼ੌਜ ਸੰਭਾਲੇਗੀ ਸੁਰੱਖਿਆ ਦੀ ਜ਼ਿੰਮੇਵਾਰੀ
ਫ਼ੌਜ 'ਤੇ ਪੂਰਾ ਭਰੋਸਾ ਜਤਾਉਂਦੇ ਹੋਏ ਪਾਕਿਸਤਾਨ ਸਰਕਾਰ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਫੌਜ ਨੂੰ ਸੌਂਪ ਦਿੱਤੀ ਹੈ। ਸਥਾਨਕ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਸਿੱਧੇ ਮਿਲਟਰੀ ਅਧਿਕਾਰੀਆਂ ਦੇ ਅਧੀਨ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ 10,000 ਤੋਂ ਵੱਧ ਫ਼ੌਜੀ ਅਤੇ ਕਮਾਂਡੋ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕਰਾਚੀ ਹਵਾਈ ਅੱਡੇ ਨੇੜੇ ਹੋਏ ਧਮਾਕੇ 'ਚ ਵਿਦੇਸ਼ੀ ਏਜੰਸੀ ਦਾ ਹੱਥ: ਜਾਂਚ ਰਿਪੋਰਟ
ਲਾਕਡਾਊਨ ਦੌਰਾਨ ਸਖ਼ਤ ਨਿਗਰਾਨੀ
ਸੁਰੱਖਿਆ ਦੇ ਮੱਦੇਨਜ਼ਰ 14 ਅਤੇ 16 ਅਕਤੂਬਰ ਨੂੰ ਵੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਵਪਾਰੀਆਂ ਅਤੇ ਹੋਟਲ ਮਾਲਕਾਂ ਨੂੰ ਨੋਟਿਸ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਆਪਣੇ ਅਦਾਰਿਆਂ ਵਿਚ ਨਾ ਰਹਿਣ ਦੇਣ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਮਰਾਨ ਖਾਨ ਦੀ ਪਾਰਟੀ ਦਾ ਵਿਰੋਧ ਪ੍ਰਦਰਸ਼ਨ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਕਾਨਫਰੰਸ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਅਗਲੇ ਚਾਰ ਦਿਨਾਂ ਤੱਕ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਫੌਜ ਅਤੇ ਪੀਟੀਆਈ ਵਿਚਾਲੇ ਤਣਾਅ ਵਧਣ ਦੀ ਉਮੀਦ ਹੈ।
ਐੱਸਸੀਓ ਕਾਨਫਰੰਸ ਦੀਆਂ ਤਿਆਰੀਆਂ ਅਤੇ ਪਾਕਿਸਤਾਨ ਦੀ ਚਿੰਤਾ
ਚੀਨ, ਰੂਸ, ਭਾਰਤ, ਪਾਕਿਸਤਾਨ ਅਤੇ ਮੱਧ ਏਸ਼ੀਆ ਦੇ ਕਈ ਮਹੱਤਵਪੂਰਨ ਦੇਸ਼ ਐੱਸਸੀਓ ਸੰਮੇਲਨ ਵਿਚ ਹਿੱਸਾ ਲੈਣਗੇ। ਇਹ ਕਾਨਫਰੰਸ ਏਸ਼ੀਆ ਦੇ ਆਰਥਿਕ ਅਤੇ ਸੁਰੱਖਿਆ ਮਾਮਲਿਆਂ ਲਈ ਬੇਹੱਦ ਮਹੱਤਵਪੂਰਨ ਹੈ। ਹਾਲ ਹੀ ਦੇ ਸਮੇਂ ਵਿਚ ਪਾਕਿਸਤਾਨ ਵਿਚ ਵਧਦੀਆਂ ਅੱਤਵਾਦੀ ਘਟਨਾਵਾਂ ਅਤੇ ਇਮਰਾਨ ਖਾਨ ਦੇ ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨ ਨੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜਿਸ ਕਾਰਨ ਪਾਕਿਸਤਾਨ ਨੇ ਦੋ ਵੱਡੇ ਸ਼ਹਿਰਾਂ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8