ਸਕੂਲਾਂ ''ਚ ਮੋਬਾਈਲ ''ਤੇ ਮੁਕੰਮਲ ਪਾਬੰਦੀ, ਮੈਕਸੀਕੋ ਸਰਕਾਰ ਦਾ ਵੱਡਾ ਫੈਸਲਾ

Tuesday, Nov 03, 2026 - 05:15 AM (IST)

ਸਕੂਲਾਂ ''ਚ ਮੋਬਾਈਲ ''ਤੇ ਮੁਕੰਮਲ ਪਾਬੰਦੀ, ਮੈਕਸੀਕੋ ਸਰਕਾਰ ਦਾ ਵੱਡਾ ਫੈਸਲਾ

ਮੈਕਸੀਕੋ ਸਿਟੀ : ਮੈਕਸੀਕੋ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਡਿਜੀਟਲ ਲਤ, ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਇੱਕ ਵੱਡਾ ਫੈਸਲਾ ਲੈਂਦਿਆਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਕਲਾਸਾਂ ਦੌਰਾਨ ਮੋਬਾਈਲ ਫ਼ੋਨਾਂ ਅਤੇ ਹੋਰ ਇਲੈਕਟ੍ਰੌਨਿਕ ਉਪਕਰਨਾਂ ਦੀ ਵਰਤੋਂ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਹ ਨਵਾਂ ਨਿਯਮ ਮੰਗਲਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਮੁਤਾਬਕ ਇਸ ਕਦਮ ਨਾਲ ਬੱਚਿਆਂ ਦਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਹੋਵੇਗਾ ਅਤੇ ਮੋਬਾਈਲ ਦੀ ਲਤ ਘਟੇਗੀ।

ਰਾਸ਼ਟਰਪਤੀ ਕਲਾਊਡੀਆ ਸ਼ੀਨਬੌਮ ਸਰਕਾਰ ਵੱਲੋਂ ਚਲਾਈ ਗਈ ਇਸ ਪਹਿਲ ਨੂੰ ਸਿੱਖਿਆ ਅਤੇ ਵਾਤਾਵਰਣ ਮਾਹਿਰਾਂ ਦਾ ਪੂਰਾ ਸਮਰਥਨ ਮਿਲਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੋਬਾਈਲ ਦਾ ਜ਼ਿਆਦਾ ਇਸਤੇਮਾਲ ਬੱਚਿਆਂ ਵਿੱਚ ਤਣਾਅ, ਚਿੰਤਾ ਅਤੇ ਧਿਆਨ ਭਟਕਣ ਵਰਗੀਆਂ ਸਮੱਸਿਆਵਾਂ ਵਧਾਉਂਦਾ ਹੈ। ਦੇਸ਼ ਦੇ ਸਿੱਖਿਆ ਮੰਤਰੀ ਮਾਰੀਓ ਡੇਲਗਾਡੋ (Mario Delgado) ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਮਕਸਦ ਬੱਚਿਆਂ ਅਤੇ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫ਼ਾਰਮਾਂ ਦੀ ਲਤ ਤੋਂ ਬਚਾਉਣਾ ਹੈ।

ਨਵੇਂ ਨਿਯਮਾਂ ਅਨੁਸਾਰ ਸਕੂਲ ਸਮੇਂ ਦੌਰਾਨ ਮੋਬਾਈਲ ਦੀ ਵਰਤੋਂ 'ਤੇ ਪਾਬੰਦੀ ਰਹੇਗੀ, ਪਰ ਅਧਿਆਪਕ ਦੀ ਦੇਖਰੇਖ ਹੇਠ ਪੜ੍ਹਾਈ ਲਈ, ਕਿਸੇ ਐਮਰਜੈਂਸੀ (ਹੰਗਾਮੀ) ਸਥਿਤੀ ਵਿੱਚ, ਜਾਂ ਸਿਹਤ ਤੇ ਦਿਵਿਆਂਗਤਾ ਨਾਲ ਜੁੜੀਆਂ ਜ਼ਰੂਰਤਾਂ ਲਈ ਫ਼ੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਬੱਚੇ ਸਕੂਲ ਆਉਂਦੇ-ਜਾਂਦੇ ਸਮੇਂ ਆਪਣੇ ਕੋਲ ਫ਼ੋਨ ਰੱਖ ਸਕਦੇ ਹਨ।

ਦੂਜੇ ਪਾਸੇ, ਸਰਕਾਰ ਦੇ ਇਸ ਫੈਸਲੇ ਨਾਲ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਹੈ। ਮਾਪਿਆਂ ਅਨੁਸਾਰ ਮੈਕਸੀਕੋ ਵਿੱਚ ਹਿੰਸਾ ਅਤੇ ਸੰਗਠਿਤ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਐਮਰਜੈਂਸੀ ਸਮੇਂ ਬੱਚਿਆਂ ਨਾਲ ਸੰਪਰਕ ਕਰਨ ਲਈ ਫ਼ੋਨ ਕੋਲ ਹੋਣਾ ਜ਼ਰੂਰੀ ਹੈ। ਬਾਲ ਅਧਿਕਾਰ ਸੰਗਠਨ 'REDIM' ਦੇ ਅੰਕੜਿਆਂ ਮੁਤਾਬਕ, ਇਸੇ ਸਾਲ ਦੀ ਪਹਿਲੀ ਛਮਾਹੀ ਵਿੱਚ 17 ਸਾਲ ਤੱਕ ਦੀ ਉਮਰ ਦੇ ਹਰ 10 ਵਿੱਚੋਂ ਇੱਕ ਬੱਚੇ ਨੂੰ ਸੰਗਠਿਤ ਅਪਰਾਧ ਨਾਲ ਜੁੜੀ ਘਟਨਾ ਦਾ ਸਾਹਮਣਾ ਕਰਨਾ ਪਿਆ ਹੈ।

ਸਕੂਲਾਂ ਵਿੱਚ ਪਾਬੰਦੀ ਦੇ ਨਾਲ-ਨਾਲ ਸਰਕਾਰ ਡਿਜੀਟਲ ਪਲੇਟਫ਼ਾਰਮਾਂ ਲਈ ਵੀ ਨਵੇਂ ਨਿਯਮ ਲਿਆ ਰਹੀ ਹੈ। ਇਸ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ, ਸਾਈਬਰ ਬੁਲਿੰਗ, ਉਤਪੀੜਨ ਅਤੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਨੂੰ ਆਪਣੇ ਪਲੇਟਫ਼ਾਰਮਾਂ ਤੋਂ ਤੁਰੰਤ ਹਟਾਉਣਾ ਪਵੇਗਾ।


author

Inder Prajapati

Content Editor

Related News