ਬੇਟੇ ਦੇ ਕਤਲ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਉਤਰੇ ਪਿਤਾ
Wednesday, Aug 27, 2025 - 06:06 PM (IST)

ਬੋਗੋਟਾ- ਕੋਲੰਬੀਆ 'ਚ ਇਸ ਸਾਲ ਦੀ ਸ਼ੁਰੂਆਤ 'ਚ ਇਕ ਰਾਜਨੀਤਕ ਰੈਲੀ ਦੌਰਾਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੇ ਪਿਤਾ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। 72 ਸਾਲਾ ਮਿਗੁਏਲ ਉਰੀਬੇ ਲੋਂਦੋਨੋ ਨੇ ਕਿਹਾ ਕਿ ਇਹ ਉਨ੍ਹਾਂ ਦੇ ਬੇਟੇ ਦੀ ਵਿਰਾਸਤ ਨੂੰ ਜ਼ਿੰਦਾ ਰੱਖਣ ਅਤੇ ਵੱਧ ਸੁਰੱਖਿਅਤ ਅਤੇ ਖੁਸ਼ਹਾਲ ਕੋਲੰਬੀਆ ਬਣਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਰਾਜਧਾਨੀ 'ਚ ਕਾਂਗਰਸ (ਸੰਸਦ) ਦੀ ਇਮਾਰਤ ਦੇ ਬਾਹਰ ਇਕ ਭਾਸ਼ਣ ਦੌਰਾਨ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਮਰਹੂਮ ਬੇਟੇ ਵਲੋਂ ਇਸਤੇਮਾਲ ਕੀਤੇ ਗਏ ਮੁਹਿੰਮ ਲੋਗੋ ਨਾਲ ਸਜਾਏ ਮੰਚ ਤੋਂ ਭਾਸ਼ਣ ਦਿੱਤਾ। ਉਨ੍ਹਾਂ ਦਾ ਬੇਟਾ ਸੀਨੇਟ ਦਾ ਮੈਂਬਰ ਸੀ। ਉਹ ਕਾਫ਼ੀ ਲੋਕਪ੍ਰਿਯ ਵੀ ਸੀ।
ਉਰੀਬੇ ਲੋਂਦੋਨੋ 80 ਦੇ ਦਹਾਕੇ ਦੇ ਅੰਤ 'ਚ ਬੋਗੋਟਾ ਨਗਰ ਕੌਂਸਲ ਦੇ ਮੈਂਬਰ ਅਤੇ 90 ਦੇ ਦਹਾਕੇ ਦੀ ਸ਼ੁਰੂਆਤ 'ਚ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਸੀਨੇਟਰ ਸਨ ਪਰ ਆਪਣੇ ਬੇਟੇ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਸੀ ਅਤੇ ਜਨਤਾ ਉਨ੍ਹਾਂ ਨੂੰ ਜ਼ਿਆਦਾ ਜਾਣਦੀ ਵੀ ਨਹੀਂ ਸੀ। ਉਨ੍ਹਾਂ ਦੇ ਬੇਟੇ ਦੇ ਅੰਤਿਮ ਸੰਸਕਾਰ ਨੂੰ ਰਾਸ਼ਟਰੀ ਪੱਧਰ 'ਤੇ ਕਵਰ ਕੀਤਾ ਗਿਆ ਸੀ, ਜਿਸ ਦੌਰਾਨ ਲੋਂਦੋਨੋ ਨੂੰ ਕਾਫ਼ੀ ਪਛਾਣਿਆ ਗਿਆ। ਉਨ੍ਹਾਂ ਨੇ ਭਾਸ਼ਣ ਦਿੰਦੇ ਹੋਏ ਖੱਬੇ ਪੱਖੀ ਰਾਸ਼ਟਰਪਤੀ ਗੁਸਤਾਵੋ ਪੇਟ੍ਰੋ ਦੇ ਪ੍ਰਸ਼ਾਸਨ ਦੇ ਅਧੀਨ ਦੇਸ਼ ਦੇ 'ਪਾਗਲਪਣ' ਵੱਲ ਵਧਣ ਦੀ ਨਿੰਦਾ ਕੀਤੀ ਅਤੇ ਕੋਲੰਬੀਆ ਦੇ ਲੋਕਾਂ ਨੂੰ ਅਗਲੇ ਸਾਲ ਦੀਆਂ ਚੋਣਾਂ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ। ਲੋਂਦੋਨੋ ਉਨ੍ਹਾਂ 5 ਉਮੀਦਵਾਰਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਵਲੋਂ ਉਮੀਦਵਾਰੀ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਸਾਲ ਦੇ ਅੰਤ 'ਚ, ਉਹ ਆਪਣੇ ਅੰਤਿਮ ਉਮੀਦਵਾਰ ਦਾ ਫ਼ੈਸਲਾ ਜਨਮਤ ਸਰਵੇਖਣਾਂ ਦੇ ਆਧਾਰ 'ਤੇ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8