ਜਹਾਜ਼ ਨੂੰ ਅੱਗ ਲੱਗਣ ਤੋਂ ਪਹਿਲਾਂ ਵੱਖ ਹੋਇਆ ਕਾਕਪਿਟ, ਚਮਤਕਾਰੀ ਢੰਗ ਨਾਲ ਬਚੀ ਪਾਇਲਟ ਦੀ ਜਾਨ
Thursday, Jul 25, 2024 - 04:37 PM (IST)
ਕਾਠਮੰਡੂ (ਭਾਸ਼ਾ): ਨੇਪਾਲ ਵਿਚ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਇਕਲੌਤਾ ਬਚਿਆ ਜਹਾਜ਼ ਦਾ ਪਾਇਲਟ ਕੈਪਟਨ ਮਨੀਸ਼ ਰਾਜ ਸ਼ਾਕਿਆ ਹੈ, ਜੋ ਜਹਾਜ਼ ਵਿਚ ਅੱਗ ਲੱਗਣ ਤੋਂ ਪਹਿਲਾਂ ਕਾਕਪਿਟ ਵੱਖ ਹੋਣ ਤੋਂ ਬਾਅਦ ਚਮਤਕਾਰੀ ਢੰਗ ਨਾਲ ਸੁਰੱਖਿਅਤ ਬਚਣ ਵਿਚ ਕਾਮਯਾਬ ਰਿਹਾ। ਵੀਰਵਾਰ ਨੂੰ ਮੀਡੀਆ 'ਚ ਪ੍ਰਕਾਸ਼ਿਤ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ। ਨੇਪਾਲ ਵਿੱਚ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਸਵਾਰ 18 ਲੋਕਾਂ ਦੀ ਮੌਤ ਹੋ ਗਈ। ਸੌਰੀ ਏਅਰਲਾਈਨਜ਼ ਦੇ ਇੱਕ ਬੰਬਾਰਡੀਅਰ ਸੀਆਰਜੇ-200 ਜਹਾਜ਼ ਨੂੰ ਬੁੱਧਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀ.ਆਈ.ਏ) ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਅੱਗ ਲੱਗ ਗਈ। ਜਹਾਜ਼ 'ਚ 19 ਲੋਕ ਸਵਾਰ ਸਨ, ਜਿਨ੍ਹਾਂ 'ਚ ਚਾਲਕ ਦਲ ਦੇ ਦੋ ਮੈਂਬਰ, ਏਅਰਲਾਈਨ ਦਾ ਤਕਨੀਕੀ ਸਟਾਫ ਅਤੇ ਇਕ ਬੱਚਾ ਅਤੇ ਉਸ ਦੀ ਮਾਂ ਸ਼ਾਮਲ ਸੀ।
ਜਹਾਜ਼ ਨੇ ਰੁਟੀਨ ਮੁਰੰਮਤ ਸੇਵਾ ਲਈ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ 15 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਦੀ ਇਲਾਜ ਦੌਰਾਨ ਮੌਤ ਹੋ ਗਈ। ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਜਹਾਜ਼ ਰਨਵੇਅ ਤੋਂ ਫਿਸਲ ਕੇ ਕੰਟੇਨਰ ਨਾਲ ਟਕਰਾ ਗਿਆ ਤਾਂ ਕਾਕਪਿਟ ਦਾ ਅਗਲਾ ਹਿੱਸਾ ਉਸ ਵਿੱਚ ਫਸ ਗਿਆ ਜਦੋਂਕਿ ਬਾਕੀ ਜਹਾਜ਼ ਜ਼ਮੀਨ ਦੇ ਦੂਜੇ ਪਾਸੇ ਡਿੱਗ ਗਿਆ। ਟੀ.ਆਈ.ਏ ਸੁਰੱਖਿਆ ਦਫ਼ਤਰ ਦੇ ਮੁਖੀ ਅਤੇ ਡਿਪਟੀ ਇੰਸਪੈਕਟਰ ਜਨਰਲ ਰਾਮ ਦੱਤ ਜੋਸ਼ੀ ਨੇ ਦੱਸਿਆ ਕਿ ਕੈਪਟਨ ਸ਼ਾਕਿਆ (37) ਨੂੰ ਹਵਾਈ ਅੱਡੇ ਦੇ ਅੰਦਰ ਕੰਟੇਨਰ ਵਿੱਚੋਂ ਬਚਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਖ਼ਿਲਾਫ਼ ਜੰਗ ਲੜਨ ਲਈ ਰੂਸ ਦੇ ਰਿਹੈ 50 ਲੱਖ ਰੁਪਏ
ਦਿ ਰਾਈਜ਼ਿੰਗ ਨੇਪਾਲ ਅਖ਼ਬਾਰ ਨੇ ਡੀ.ਆਈ.ਜੀ ਜੋਸ਼ੀ ਦੇ ਹਵਾਲੇ ਨਾਲ ਕਿਹਾ, “ਅਸੀਂ ਕੈਪਟਨ ਸ਼ਾਕਿਆ ਨੂੰ ਕੰਟੇਨਰ ਦੇ ਅੰਦਰੋਂ ਬਚਾਇਆ ਹੈ ਅਤੇ ਡਾਕਟਰ ਉਸ ਦੇ ਦਿਮਾਗ ਦੀ ਸੱਟ ਦੀ ਜਾਂਚ ਕਰ ਰਹੇ ਹਨ। ਫਿਲਹਾਲ ਉਹ ਕਾਠਮੰਡੂ ਮੈਡੀਕਲ ਕਾਲਜ (ਕੇ.ਐਮ.ਸੀ) ਵਿੱਚ ਇਲਾਜ ਅਧੀਨ ਹੈ। ਜ਼ਖ਼ਮੀ ਸ਼ਾਕਿਆ ਦਾ ਇਲਾਜ ਕਰ ਰਹੇ ਡਾਕਟਰਾਂ ਅਨੁਸਾਰ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਸੱਟਾਂ ਅਤੇ ਰੀੜ੍ਹ ਦੀ ਹੱਡੀ ਦੋ ਥਾਵਾਂ 'ਤੇ ਟੁੱਟਣ ਕਾਰਨ ਕੋਈ ਗੰਭੀਰ ਖ਼ਤਰਾ ਨਹੀਂ ਹੈ ਪਰ ਉਸ ਦੇ ਦਿਮਾਗ 'ਤੇ ਲੱਗੀ ਸੱਟ ਦੀ ਜਾਂਚ ਕੀਤੀ ਜਾ ਰਹੀ ਹੈ | ਨਿਊਰੋਸਰਜਨ ਡਾਕਟਰ ਅਮਿਤ ਥਾਪਾ ਨੇ ਕਿਹਾ ਕਿ ਸ਼ਾਕਿਆ ਦੇ ਦਿਮਾਗ ਦੀ ਐਮ.ਆਰ.ਆਈ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕੁਝ ਕਹਿ ਸਕਦੇ ਹਨ। ਡਾਕਟਰਾਂ ਨੇ ਦੱਸਿਆ ਕਿ ਕੈਪਟਨ ਸ਼ਾਕਿਆ ਦੀ ਸਿਹਤ 'ਚ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਸੁਧਾਰ ਹੋਇਆ। ਉਸ ਨੇ ਕਿਹਾ ਕਿ ਉਹ 'ਖ਼ਤਰੇ ਤੋਂ ਬਾਹਰ' ਹੈ ਅਤੇ ਗੱਲ ਕਰ ਸਕਦਾ ਹੈ। ਉਹ ਤਰਲ ਭੋਜਨ ਲੈ ਰਿਹਾ ਹੈ। ਕੇ.ਐਮ.ਸੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਸ਼ਾਕਿਆ ਅੱਗ ਵਿੱਚ ਨਹੀਂ ਸੜਿਆ ਸੀ ਪਰ ਉਸ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ ਸਨ ਅਤੇ ਡਾਕਟਰ ਉਸ ਦੀਆਂ ਟੁੱਟੀਆਂ ਹੱਡੀਆਂ ਦਾ ਆਪ੍ਰੇਸ਼ਨ ਕਰਨ ਦੀ ਤਿਆਰੀ ਕਰ ਰਹੇ ਸਨ। ਨੇਪਾਲ ਸਰਕਾਰ ਨੇ ਜਹਾਜ਼ ਹਾਦਸੇ ਵਿੱਚ ਮਾਰੇ ਗਏ 18 ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਵੀਰਵਾਰ ਨੂੰ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।