ਪਾਕਿਸਤਾਨ ''ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹਥਿਆਰਬੰਦ ਲੋਕਾਂ ਨੇ ਚਰਚ ''ਚ ਕੀਤੀ ਭੰਨਤੋੜ
Saturday, May 09, 2020 - 11:31 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਸ਼ਨੀਵਾਰ ਨੂੰ ਇਕ ਚਰਚ ਵਿਚ ਕਥਿਤ ਤੌਰ 'ਤੇ ਤੋੜਭੰਨ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ 2019 ਵਿਚ ਵੀ ਦੇਸ਼ ਵਿਚ ਹਿੰਦੂ ਅਤੇ ਈਸਾਈ ਸਣੇ ਪੂਰਾ ਘੱਟ ਗਿਣਤੀ ਭਾਈਚਾਰਾ ਦੇਸ਼ ਦੇ ਸੰਵਿਧਾਨ ਵਿਚ ਉਨ੍ਹਾਂ ਨੂੰ ਦਿੱਤੇ ਗਏ ਧਰਮ ਅਤੇ ਆਸਥਾ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਿਆ ਹੈ।
ਕਮਿਸ਼ਨ ਨੇ ਹਾਲ ਹੀ ਵਿਚ ਇਸਲਾਮਾਬਾਦ ਵਿਚ ਜਾਰੀ ਆਪਣੀ ਸਾਲਾਨਾ ਰਿਪੋਰਟ ਮਨੁੱਖੀ ਅਧਿਕਾਰ ਦੀ ਸਥਿਤੀ 2019 ਵਿਚ ਇਹ ਗੱਲ ਕਹੀ ਹੈ। ਸਥਾਨਕ ਈਸਾਈ ਨੇਤਾ ਅਸਲਮ ਪਰਵੇਜ਼ ਸਹੋਤਰਾ ਨੇ ਦੱਸਇਆ ਕਿ ਮਲਿਕ ਉਨ ਅੱਬਾਸ ਦੀ ਅਗਵਾਈ ਵਿਚ ਕੁਝ ਹਥਿਆਰਬੰਦ ਲੋਕ ਆਏ ਅਤੇ ਉਨ੍ਹਾਂ ਨੇ ਕਾਲਾਸ਼ਾਹ ਕਾਕੂ ਸਥਿਤ ਚਰਚ ਦਾ ਦਰਵਾਜ਼ਾ ਅਤੇ ਚਾਰਦੀਵਾਰੀ ਤੋੜ ਦਿੱਤੀ। ਘਟਨਾ ਤੋਂ ਬਾਅਦ ਭਾਈਚਾਰੇ ਦੇ ਨੇਤਾਵਾਂ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਫਿਰੋਜ਼ਵਾਲਾ ਥਾਣੇ ਦੇ ਐਸ.ਐਚ.ਓ. ਆਮਿਰ ਮਹਿਮੂਦ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਇਸਾਈਆਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਨੇ ਦੱਸਿਆ ਕਿ ਐਫ.ਆਈ.ਆਰ. ਦਰਜ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾਵੇਗੀ।