ਕੈਨੇਡਾ-ਅਮਰੀਕਾ ਸਰਹੱਦ ਕੋਲੋਂ ਚੀਨੀ ਜਨਾਨੀ ਕੋਲੋਂ ਭਾਰੀ ਮਾਤਰਾ ਵਿਚ ਸੋਨਾ ਜ਼ਬਤ
Monday, Aug 10, 2020 - 11:32 AM (IST)

ਟੋਰਾਂਟੋ- ਕੈਨੇਡਾ-ਅਮਰੀਕਾ ਸਰਹੱਦ ਨੇੜਿਓਂ ਇਕ ਚੀਨੀ ਜਨਾਨੀ ਕੋਲੋਂ 38 ਹਜ਼ਾਰ ਡਾਲਰ ਦਾ ਸੋਨਾ ਜ਼ਬਤ ਕੀਤਾ ਗਿਆ ਹੈ, ਉਹ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰ ਰਹੀ ਸੀ। ਬਾਰਡਰ ਅਧਿਕਾਰੀਆਂ ਮੁਤਾਬਕ ਅਮਰੀਕੀ ਕਸਟਮ ਤੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਔਰਤ ਕੋਲੋਂ ਵੱਡੀ ਗਿਣਤੀ ਵਿਚ ਸੋਨੇ ਦੇ ਬਿਸਕੁਟ ਫੜੇ। ਉਨ੍ਹਾਂ ਦੱਸਿਆ ਕਿ ਉਸ ਕੋਲੋਂ 14.25 ਓਂਸ ਦੇ ਸੋਨੇ ਦੇ ਬਿਸਕੁਟ ਫੜੇ ਗਏ ਜਿਨ੍ਹਾਂ ਦੀ ਕੀਮਤ 38 ਹਜ਼ਾਰ ਡਾਲਰ ਹੈ। ਇਸ ਤੋਂ ਇਲਾਵਾ ਉਸ ਕੋਲੋਂ 13,500 ਡਾਲਰ ਦਾ ਕੈਸ਼ ਵੀ ਫੜਿਆ ਗਿਆ ਹੈ।
36 ਸਾਲਾ ਜਨਾਨੀ ਨੂੰ ਮੰਗਲਵਾਰ ਨੂੰ ਐਮਿਟੀ ਮਾਇਨੇ ਨੇੜਿਓਂ ਫੜਿਆ ਗਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਕੈਨੇਡਾ ਇਕ ਵਿਦਿਆਰਥਣ ਦੇ ਤੌਰ 'ਤੇ ਕਾਨੂੰਨੀ ਰੂਪ ਵਿਚ ਆਈ ਪਰ ਗੈਰ-ਕਾਨੂੰਨੀ ਤਰੀਕੇ ਨਾਲ ਉਸ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਪਾਰ ਕੀਤਾ ਤਾਂ ਕਿ ਉਹ ਆਪਣੀ ਦੋਸਤ ਨੂੰ ਸੈਨ ਫਰਾਂਸਿਸਕੋ ਵਿਚ ਮਿਲਣ ਜਾ ਸਕੇ। ਹੋਲਟਨ ਬਾਰਡਰ ਪੈਟਰੋਲ ਸਟੇਸ਼ਨ ਤੋਂ ਔਰਤ ਨੂੰ ਫੜਿਆ ਗਿਆ। ਔਰਤ ਨੂੰ ਹਿਰਾਸਤ ਵਿਚ ਲੈ ਕੇ ਕੈਨੇਡਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਇਸ ਸਬੰਧੀ ਹੋਰ ਜਾਂਚ ਕਰ ਰਹੀ ਹੈ।