ਨੇਪਾਲ 'ਚ ਪ੍ਰਦਰਸ਼ਨ ਕਰ ਰਹੇ ਚੀਨੀ ਨਾਗਰਿਕਾਂ ਤੇ ਪੁਲਸ ਵਿਚਾਲੇ ਝੜਪ, ਕਈ ਗ੍ਰਿਫਤਾਰ

Saturday, May 09, 2020 - 12:45 PM (IST)

ਨੇਪਾਲ 'ਚ ਪ੍ਰਦਰਸ਼ਨ ਕਰ ਰਹੇ ਚੀਨੀ ਨਾਗਰਿਕਾਂ ਤੇ ਪੁਲਸ ਵਿਚਾਲੇ ਝੜਪ, ਕਈ ਗ੍ਰਿਫਤਾਰ

ਕਾਠਮੰਡੂ- ਨੇਪਾਲ ਵਿਚ ਚੀਨੀ ਨਾਗਰਿਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਹਿੰਸਕ ਹੋਣ ਦੇ ਬਾਅਦ ਪੁਲਸ ਨੇ ਕੁਝ ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਵਿਚ ਲੱਗੀਆਂ ਰੋਕਾਂ ਕਾਰਨ ਇੱਥੇ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ 'ਆਈ ਵਾਂਟ ਟੂ ਗੋ ਹੋਮ' ਵਰਗੇ ਹੋਰਡਿੰਗਜ਼ ਹੱਥਾਂ ਵਿਚ ਫੜੇ ਹੋਏ ਸਨ ਅਤੇ ਇਹ ਲੋਕ ਕਾਠਮੰਡੂ ਵਿਚ ਪ੍ਰਧਾਨ ਮੰਤਰੀ ਦਫਤਰ ਸਿੰਘਾ ਦਰਬਾਰ ਦੇ ਬੈਨ ਕੀਤੇ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। 

ਇਹ ਲੋਕ ਪੁਲਸ 'ਤੇ ਪੱਥਰ ਸੁੱਟ ਰਹੇ ਸਨ ਅਤੇ ਇਨ੍ਹਾਂ ਨੂੰ ਰੋਕਣ ਲਈ ਪੁਲਸ ਨੂੰ ਲਾਠੀ ਚਾਰਜ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਵਲੋਂ ਸੁੱਟੇ ਗਏ ਪੱਥਰਾਂ ਕਾਰਨ ਕਈ ਪੁਲਸ ਕਰਮਚਾਰੀ ਅਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਪੁਲਸ ਨੇ 45 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

ਪੁਲਸ ਬੁਲਾਰੇ ਕਿਰਨ ਬਜਰਾਚਾਰਿਆ ਮੁਤਾਬਕ ਇਨ੍ਹਾਂ ਲੋਕਾਂ ਖਿਲਾਫ ਬੈਨ ਖੇਤਰ ਵਿਚ ਪ੍ਰਦਰਸ਼ਨ ਕਰਨ ਅਤੇ ਲਾਕਡਾਊਨ ਵਿਚ ਹਿੰਸਾ ਕਰਨ 'ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਨੇਪਾਲ ਨੇ 22 ਮਾਰਚ ਤੋਂ ਸਾਰੀਆਂ ਕੌਮਾਂਤਰੀ ਫਲਾਈਟਾਂ ਉੱਤੇ ਰੋਕ ਲਗਾਈ ਹੋਈ ਹੈ, ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨੇਪਾਲ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਨੇਪਾਲ ਵਲੋਂ 31 ਮਈ ਤੱਕ ਇਹ ਰੋਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਅਮਰੀਕਾ, ਯੂ. ਕੇ., ਆਸਟਰੇਲੀਆ ਅਤੇ ਫਰਾਂਸ ਵਰਗੇ ਦੇਸ਼ਾਂ ਨੇ ਨੇਪਾਲ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢਣ ਲਈ ਚਾਰਟਡ ਫਲਾਈਟਾਂ ਭੇਜੀਆਂ ਹਨ। ਉੱਥੇ ਹੀ ਇੱਥੇ ਫਸੇ ਚੀਨੀ ਨਾਗਰਿਕਾਂ ਲਈ ਚੀਨ ਸਰਕਾਰ ਵਲੋਂ ਕੋਈ ਅਧਿਕਾਰਕ ਫਲਾਈਟ ਨਹੀਂ ਭੇਜੀ ਗਈ ।


author

Lalita Mam

Content Editor

Related News