‘ਸਰਕਾਰੀ ਸ਼ਿਕੰਜੇ’ ’ਚ ਰਹਿੰਦੈ ਚੀਨੀ ਮੀਡੀਆ, ਗੂਗਲ, ਫੇਸਬੁੱਕ ਤੇ ਵਟਸਐੱਪ ’ਤੇ ਹੈ ਪਾਬੰਦੀ

09/27/2020 8:09:12 AM

ਪੇਈਚਿੰਗ,(ਵਿਸ਼ੇਸ਼)-ਚੀਨ ’ਚ ਮੀਡੀਆ ਹਮੇਸ਼ਾ ਤੋਂ ‘ਸਰਕਾਰੀ ਸ਼ਿਕੰਜੇ’ ’ਚ ਰਹਿੰਦਾ ਹੈ। ਯਾਨੀ ਚੀਨ ’ਚ ਮੀਡੀਆ ’ਤੇ ਸੈਂਸਰਸ਼ਿੱਪ ਬਹੁਤ ਸਖ਼ਤ ਹੈ। ਇਥੇ ਮੀਡੀਆ ’ਤੇ ਸਭ ਤੋਂ ਸਖ਼ਤ ਨਿਯਮ ਲਾਗੂ ਕੀਤੇ ਜਾਂਦੇ ਹਨ। ਸਭ ਕੁਝ ਸਰਕਾਰ ਦੇ ਸਖ਼ਤ ਕੰਟਰੋਲ ’ਚ ਰਹਿੰਦਾ ਹੈ। ਚੀਨੀ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਅਜਿਹੀ ਜਾਣਕਾਰੀ ਆਮ ਜਨਤਾ ਤਕ ਪਹੁੰਚੇ ਜਿਸ ਨੂੰ ਉਹ ਦੁਨੀਆ ਤੋਂ ਲੁਕੋ ਕੇ ਰੱਖਣਾ ਚਾਹੁੰਦੀ ਹੈ। ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਸਰਕਾਰ ਉਸ ’ਤੇ ਸ਼ਿਕੰਜਾ ਕੱਸਣ ਲਈ ਮਾਣਹਾਨੀ ਮੁਕੱਦਮੇ ਅਤੇ ਗ੍ਰਿਫਤਾਰੀਆਂ ਵਰਗੇ ਸਾਧਨਾਂ ਦੀ ਵਰਤੋਂ ਕਰਦੀ ਹੈ। 

ਰਾਇਟਰ ਦੀ ਇਕ ਰਿਪੋਰਟ ਦੇ ਆਧਾਰ ’ਤੇ ਚੀਨ ’ਚ ਸਾਲ 2017 ’ਚ 18 ਪੱਤਕਾਰਾਂ ਨੂੰ ਚੀਨ ’ਚ ਕੈਦ ਕੀਤਾ ਗਿਆ ਸੀ। ਉਥੇ ਹੀ, ਪਿਛਲੇ ਸਾਲ 48 ਪੱਤਰਕਾਰਾਂ ਨੂੰ ਜੇਲ ਭੇਜਿਆ ਗਿਆ ਸੀ। ‘ਐਮਨੈਸਟੀ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਦੁਨੀਆ ’ਚ ਸਭ ਤੋਂ ਜ਼ਿਆਦਾ ਪੱਤਰਕਾਰਾਂ ਨੂੰ ਜੇਕਰ ਕਿਸੇ ਦੇਸ਼ ’ਚ ਜੇਲ ’ਚ ਭੇਜਿਆ ਗਿਆ ਹੈ ਤਾਂ ਉਹ ਦੇਸ਼ ਚੀਨ ਹੈ।

ਚੀਨ ’ਚ ਗੂਗਲ, ਫੇਸਬੁੱਕ, ਇੰਸਟਾਗ੍ਰਾਮ, ਵਟਸਐੱਪ, ਯੂਟਿਊਬ ਸਮੇਤ ਬਹੁਤ ਸਾਰੀਆਂ ਵਿਦੇਸ਼ੀ ਵੈੱਬਸਾਈਟਾਂ ਅਤੇ ਮੋਬਾਈਲ ਐਪਲੀਕੇਸ਼ਨਸ ’ਤੇ ਪਾਬੰਦੀ ਹੈ ਪਰ ਚੀਨੀ ਜਨਤਾ ਨੇ ਤਥਾਕਥਿਤ ‘ਗ੍ਰੇਟ ਫਾਇਰਵਾਲ’ ਨੂੰ ਲੰਘਣ ਦੇ ਤਰੀਕੇ ਲੱਭ ਲਏ ਹਨ। ਇਨ੍ਹਾਂ ਵੈੱਬਸਲਾਈਟਸ ’ਤੇ ਜਾਣ ਲਈ ਚੀਨੀ ਜਨਤਾ ਵੀ. ਪੀ. ਐੱਨ. ਯਾਨੀ ਵਰਚੁਅਲ ਪ੍ਰਾਈਵੇਟ ਨੈੱਟਵਰਕ ਦਾ ਸਹਾਰਾ ਲੈਂਦੀ ਹੈ।

ਚੀਨ ਜ਼ਿਆਦਾਤਰ ਦੋ-ਮੂੰਹੀਆਂ ਨੀਤੀਆਂ

ਚੀਨ ਦੀ ਦੋ-ਮੂੰਹੀਆਂ ਨੀਤੀਆਂ ਅਪਨਾਉਂਦਾ ਹੈ। ਇਕ ਪਾਸੇ ਚੀਨ ’ਚ ਇਨ੍ਹਾਂ ਵੈੱਬਸਾਈਟਸ ’ਤੇ ਪਾਬੰਦੀ ਲੱਗੀ ਹੈ ਤਾਂ ਦੂਸਰੇ ਪਾਸੇ ਚੀਨ ਦੀਆਂ ਕਈ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਨਾਂ ਨੇ ਫੇਸਬੁੱਕ, ਯੂਟਿਊਬ ਵਟਸਐੱਪ ਅਤੇ ਗੂਗਲ ’ਤੇ ਵੈੱਬਪੇਜ ਅਤੇ ਵੀਡੀਓ ਬਣਾਕੇ ਪੋਸਟ ਕੀਤੇ ਹਨ ਜਿਸ ਨਾਲ ਬਾਹਰੀ ਦੁਨੀਆ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲੇ ਅਤੇ ਉਹ ਬਾਹਰੀ ਦੁਨੀਆ ਨਾਲ ਵਪਾਰ ਕਰ ਸਕੇ।

ਖਬਰਾਂ ’ਤੇ ਸੈਂਸਰਸ਼ਿੱਪ

ਚੀਨ ’ਚ ਖਬਰਾਂ ਪ੍ਰਕਾਸ਼ਿਤ ਕਰਨ ’ਤੇ ਸੈਂਸਰਸ਼ਿੱਪ ਹੈ। ਮੀਡੀਆ ਸੰਸਥਾਨਾਂ ਖਬਰਾਂ ਵੀ ਸਰਕਾਰ ਹੀ ਦਿੰਦੀ ਹੈ ਅਤੇ ਹਰ ਖਬਰ ਲੋਕਾਂ ਤਕ ਪਹੁੰਚਾਉਣ ਤੋਂ ਪਹਿਲਾਂ ਉਸ ਦੀ ਇਕ ਕਾਪੀ ਸਰਕਾਰ ਨੂੰ ਭੇਜਣੀ ਪੈਂਦੀ ਹੈ, ਜਿਸ ’ਤੇ ਸਰਕਾਰ ਆਪਣੀ ਮੁਹਰ ਲਗਾਉਂਦੀ ਹੈ ਤਾਂ ਜਾ ਕੇ ਉਹ ਖਬਰ ਲੋਕਾਂ ਤਕ ਪਹੁੰਚਦੀ ਹੈ।

ਕੰਟਰੋਲ ਲਈ ਮੀਡੀਆ ਦਾ ਏਕੀਕਰਣ

ਚੀਨੀ ਮੀਡੀਆ ’ਤੇ ਆਪਣਾ ਸ਼ਿੰਕਜਾ ਹੋਰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਸਾਲ 2018 ’ਚ ਨਵਾਂ ਕਾਨੂੰਨ ਲੈ ਕੇ ਆਏ ਅਤੇ ਉਨ੍ਹਾਂ ਨੇ ਦੇਸ਼ ਦ 3 ਵੱਡੇ ਸਰਕਾਰੀ ਮੀਡੀਆ ਸੰਸਥਾਨਾਂ ਨੂੰ ਇਕ ਛੱਤਰਛਾਇਆ ਹੇਠਾਂ ਲਿਆ ਖੜ੍ਹਾ ਕੀਤਾ ਜਿਸ ਵਿਚ ਚਾਈਨਾ ਰੇਡੀਓ ਇੰਟਰਨੈਸ਼ਨਲ, ਸੀ. ਸੀ. ਟੀ. ਵੀ. ਅਤੇ ਚਾਈਨਾ ਨੈਸ਼ਨਲ ਰੇਡੀਓ ਸ਼ਾਮਲ ਹਨ। ਇਸ ਏਕੀਕਰਣ ਨਾਲ ਇਨ੍ਹਾਂ ਸਾਰੇ ਚੈਨਲਾਂ ’ਤੇ ਨਜ਼ਰ ਰੱਖਣ ’ਚ ਸਰਕਾਰ ਨੂੰ ਆਸਾਨੀ ਹੋਈ।

ਵੱਡੇ ਆਯੋਜਨਾਂ ਤੋਂ ਪਹਿਲਾਂ ਇੰਟਰਨੈੱਟ ’ਤੇ ਰੋਕ

ਚੀਨ ’ਚ ਜਦੋਂ ਵੀ ਕੋਈ ਵੱਡਾ ਆਯੋਜਨ ਹੁੰਦਾ ਹੈ ਤਾਂ ਚੀਨੀ ਪ੍ਰਸ਼ਾਸਨ ਇੰਟਰਨੈੱਟ ’ਤੇ ਪਹਿਲਾਂ ਤੋਂ ਹੀ ਪੂਰਨ ਤੌਰ ’ਤੇ ਰੋਕ ਲਗਾ ਦਿੰਦਾ ਹੈ। ਸਾਲ 2009 ’ਚ ਸ਼ਿੰਜਿਯਾਂਗ ਦੀ ਰਾਜਧਾਨੀ ਉਰੁਮੁੱਛੀ ’ਚ ਹੋਏ ਦੰਗਿਆਂ ਦੌਰਾਨ ਚੀਨ ਨੇ ਪੂਰੇ ਸ਼ਿੰਜਿਯਾਂਗ ’ਚ ਜੁਲਾਈ 2009 ਤੋਂ ਮਈ 2010 ਤਕ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਸਾਲ 1989 ਵਾਲੇ ‘ਥਯੇਨਆਨ ਮੇਨ’ ਅੰਦੋਲਨ ਦੀ ਵਰ੍ਹੇਗੰਢ ’ਤੇ ਹਰ ਸਾਲ 4 ਜੂਨ ਤੋਂ ਇਕ ਹਫਤਾ ਪਹਿਲਾਂ ਤੋਂ ਹੀ ਇੰਟਰਨੈੱਟ ’ਤੇ ਰੋਕ ਲਗਾ ਦਿੱਤੀ ਜਾਂਦੀ ਹੈ।


Lalita Mam

Content Editor

Related News