ਪੈਟਰੋਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਚੀਨ ਕਮਾਉਣ ਲੱਗਾ ਮੋਟਾ ਮੁਨਾਫ਼ਾ ! EV ਸੈਕਟਰ ਨੂੰ ਲੱਗੇ ''ਖੰਭ''

Thursday, Aug 13, 2026 - 10:03 AM (IST)

ਪੈਟਰੋਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਚੀਨ ਕਮਾਉਣ ਲੱਗਾ ਮੋਟਾ ਮੁਨਾਫ਼ਾ ! EV ਸੈਕਟਰ ਨੂੰ ਲੱਗੇ ''ਖੰਭ''

ਨਵੀਂ ਦਿੱਲੀ- ਪੱਛਮੀ ਏਸ਼ੀਆ ਵਿਚ ਜਾਰੀ ਜੰਗ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਗਲੋਬਲ ਆਟੋਮੋਬਾਈਲ ਬਾਜ਼ਾਰ ਦੀ ਤਸਵੀਰ ਬਦਲਣੀ ਸ਼ੁਰੂ ਕਰ ਦਿੱਤੀ ਹੈ। ਮਹਿੰਗੇ ਈਂਧਨ ਕਾਰਨ ਖਪਤਕਾਰਾਂ ਦਾ ਰੁਝਾਨ ਇਲੈਕਟ੍ਰਿਕ ਵਾਹਨਾਂ (ਈ. ਵੀ.) ਵੱਲ ਵਧ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਫ਼ਾਇਦਾ ਚੀਨ ਦੇ ਈ. ਵੀ. ਨਿਰਮਾਤਾਵਾਂ ਨੂੰ ਮਿਲ ਰਿਹਾ ਹੈ। ਸਸਤੀ ਕੀਮਤ ਅਤੇ ਬਿਹਤਰ ਫੀਚਰਾਂ ਦੇ ਦਮ ’ਤੇ ਚੀਨੀ ਕੰਪਨੀਆਂ ਯੂਰਪ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆ ਤੱਕ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ਕਰ ਰਹੀਆਂ ਹਨ।

ਮਹਿੰਗੇ ਪੈਟਰੋਲ ਨੇ ਵਧਾਈ ਈ.ਵੀ. ਦੀ ਮੰਗ
ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਈ. ਵੀ. ਨੂੰ ਲੈ ਕੇ ਖਪਤਕਾਰਾਂ ਦੀ ਦਿਲਚਸਪੀ ਹੋਰ ਵਧਾ ਦਿੱਤੀ ਹੈ। ਈ. ਵੀ. ਦੀ ਘੱਟ ਚਲਾਉਣ ਦੀ ਲਾਗਤ ਹੁਣ ਖ਼ਰੀਦਦਾਰਾਂ ਲਈ ਵੱਡਾ ਆਕਰਸ਼ਣ ਬਣ ਰਹੀ ਹੈ। ਮਹਿੰਗੇ ਈਂਧਨ ਦੇ ਵਿਚਾਲੇ ਖਪਤਕਾਰ ਅਜਿਹੀਆਂ ਕਾਰਾਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਦੀ ਰੋਜ਼ਾਨਾ ਵਰਤੋਂ ਘੱਟ ਖ਼ਰਚੀਲੀ ਹੋਵੇ।

ਘੱਟ ਲਾਗਤ ਚੀਨ ਦੀ ਸਭ ਤੋਂ ਵੱਡੀ ਤਾਕਤ
ਚੀਨੀ ਕੰਪਨੀਆਂ ਨੇ ਬੈਟਰੀ, ਇਲੈਕਟ੍ਰਿਕ ਡ੍ਰਾਈਵਟ੍ਰੇਨ ਅਤੇ ਸਾਫ਼ਟਵੇਅਰ ਤਕਨਾਲੋਜੀ ਵਿਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ। ਮਜ਼ਬੂਤ ਘਰੇਲੂ ਸਪਲਾਈ ਚੇਨ ਅਤੇ ਘੱਟ ਉਤਪਾਦਨ ਲਾਗਤ ਕਾਰਨ ਉਹ ਵਿਦੇਸ਼ੀ ਬਾਜ਼ਾਰਾਂ ਵਿਚ ਮੁਕਾਬਲੇਬਾਜ਼ ਕੀਮਤ ’ਤੇ ਵਾਹਨ ਪੇਸ਼ ਕਰ ਰਹੀਆਂ ਹਨ। ਰਿਪੋਰਟ ਦੇ ਮੁਤਾਬਕ ਚੀਨ ਵਿਚ ਬਣੀਆਂ ਈ.ਵੀਜ਼ ਸਾਮਾਨ ਸ਼੍ਰੇਣੀ ਦੀਆਂ ਯੂਰਪੀਅਨ ਕਾਰਾਂ ਦੇ ਮੁਕਾਬਲੇ ਕਰੀਬ 35 ਫ਼ੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ

ਯੂਰਪ ਵਿਚ ਤੇਜ਼ੀ ਨਾਲ ਵਧੀ ਮੌਜੂਦਗੀ
ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਵਿਚ ਜੂਨ ਦੌਰਾਨ ਚੀਨੀ ਬ੍ਰਾਂਡਜ਼ ਦੀਆਂ ਨਵੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਵਿਚ ਹਿੱਸੇਦਾਰੀ ਕਰੀਬ 12.1 ਫ਼ੀਸਦੀ ਰਹੀ। ਬੀ. ਵਾਈ. ਡੀ., ਜੇਕੂ ਅਤੇ ਲੀਪਮੋਟਰ ਵਰਗੀਆਂ ਕੰਪਨੀਆਂ ਤੇਜ਼ੀ ਨਾਲ ਵਿਸਥਾਰ ਕਰ ਰਹੀਆਂ ਹਨ। ਦੂਜੇ ਪਾਸੇ ਯੂਰਪੀਅਨ ਕੰਪਨੀਆਂ ’ਤੇ ਮੁਕਾਬਲੇਬਾਜ਼ੀ ਦਾ ਦਬਾਅ ਵਧ ਰਿਹਾ ਹੈ। ਚੀਨ ਵਿਚ ਵੋਕਸਵੈਗਨ ਦੀ ਦੂਜੀ ਤਿਮਾਹੀ ਦੀ ਵਾਹਨ ਡਿਲਿਵਰੀ ਵਿਚ 37 ਫ਼ੀਸਦੀ ਦੀ ਗਿਰਾਵਟ ਦਰਜ ਹੋਈ।

ਦੱਖਣ-ਪੂਰਬੀ ਏਸ਼ੀਆ ’ਚ ਵੀ ਵਧਿਆ ਦਬਦਬਾ
ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ, ਵੀਅਤਨਾਮ, ਫ਼ਿਲੀਪੀਨਜ਼ ਅਤੇ ਸਿੰਗਾਪੁਰ ਵਰਗੇ ਬਾਜ਼ਾਰਾਂ ਵਿਚ ਵੀ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਵਧ ਰਹੀ ਹੈ। 2023 ਤੋਂ 2025 ਦੇ ਵਿਚਾਲੇ ਇਨ੍ਹਾਂ ਬਾਜ਼ਾਰਾਂ ਵਿਚ ਚੀਨੀ ਬ੍ਰਾਂਡਜ਼ ਦੀ ਨਵੀਂ ਕਾਰ ਵਿਕਰੀ ਹਿੱਸੇਦਾਰੀ ਕਰੀਬ 4 ਫ਼ੀਸਦੀ ਤੋਂ ਵਧ ਕੇ 11 ਫ਼ੀਸਦੀ ਹੋ ਗਈ। ਥਾਈਲੈਂਡ ਅਤੇ ਕੰਬੋਡੀਆ ਵਰਗੇ ਦੇਸ਼ਾਂ ਦੀਆਂ ਈ.ਵੀ. ਅਨੁਕੂਲ ਨੀਤੀਆਂ ਵੀ ਚੀਨੀ ਕੰਪਨੀਆਂ ਲਈ ਮਦਦਗਾਰ ਸਾਬਤ ਹੋ ਰਹੀਆਂ ਹਨ।

ਜਾਪਾਨੀ ਕੰਪਨੀਆਂ ਦੇ ਸਾਹਮਣੇ ਨਵੀਂ ਚੁਣੌਤੀ
ਦੱਖਣ-ਪੂਰਬੀ ਏਸ਼ੀਆ ਵਿਚ ਲੰਬੇ ਸਮੇਂ ਤੋਂ ਮਜ਼ਬੂਤ ਸਥਿਤੀ ਰੱਖਣ ਵਾਲੀਆਂ ਟੋਇਟਾ ਵਰਗੀਆਂ ਜਾਪਾਨੀ ਕੰਪਨੀਆਂ ਨੂੰ ਹੁਣ ਚੀਨੀ ਈ. ਵੀ. ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਘੱਟ ਕੀਮਤ, ਬਿਹਤਰ ਫੀਚਰਾਂ ਅਤੇ ਨਵੀਂ ਇਲੈਕਟ੍ਰਿਕ ਤਕਨਾਲੋਜੀ ਕਾਰਨ ਚੀਨੀ ਕੰਪਨੀਆਂ ਤੇਜ਼ੀ ਨਾਲ ਬਾਜ਼ਾਰ ਦੀ ਹਿੱਸੇਦਾਰੀ ਵਧਾ ਰਹੀਆਂ ਹਨ।

ਇਹ ਵੀ ਪੜ੍ਹੋ- ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ ਚੱਲਣਗੀਆਂ ਰੂਸ ਦੀਆਂ ਗੱਡੀਆਂ

ਅਮਰੀਕਾ ਵਿਚ ਟੈਰਿਫ਼ ਨੇ ਰੋਕੀ ਸਿੱਧੀ ਟੱਕਰ
ਅਮਰੀਕਾ ’ਚ ਜ਼ਿਆਦਾ ਇੰਪੋਰਟ ਡਿਊਟੀਜ਼ ਕਾਰਨ ਚੀਨੀ ਈ.ਵੀਜ਼. ਨਾਲ ਸਿੱਧਾ ਮੁਕਾਬਲਾ ਸੀਮਤ ਹੈ। ਹਾਲਾਂਕਿ ਯੂਰਪ ਅਤੇ ਏਸ਼ੀਆ ਵਿਚ ਵਧਦੀ ਚੀਨੀ ਮੌਜੂਦਗੀ ਨੇ ਗਲੋਬਲ ਆਟੋ ਕੰਪਨੀਆਂ ’ਤੇ ਦਬਾਅ ਵਧਾ ਦਿੱਤਾ ਹੈ। ਚੀਨ ਦੀ ਵਾਧੂ ਉਤਪਾਦਨ ਸਮਰੱਥਾ ਹੁਣ ਵਿਦੇਸ਼ੀ ਬਾਜ਼ਾਰਾਂ ਵੱਲ ਵਧ ਰਹੀ ਹੈ। ਮਹਿੰਗੇ ਪੈਟਰੋਲ ਨੇ ਈ.ਵੀ. ਦੀ ਮੰਗ ਨੂੰ ਨਵੀਂ ਰਫ਼ਤਾਰ ਦਿੱਤੀ ਹੈ, ਜਦਕਿ ਚੀਨ ਦੀ ਘੱਟ ਲਾਗਤ ਅਤੇ ਮਜ਼ਬੂਤ ਉਤਪਾਦਨ ਸਮਰੱਥਾ ਨੇ ਉਸ ਨੂੰ ਇਸ ਬਦਲਾਅ ਦਾ ਸਭ ਤੋਂ ਵੱਡਾ ਲਾਭਪਾਤਰੀ ਬਣਾ ਦਿੱਤਾ ਹੈ। ਜੇ ਚੀਨੀ ਕੰਪਨੀਆਂ ਦੀ ਘੱਟ ਕੀਮਤ ਅਤੇ ਤਕਨੀਕੀ ਲੀਡ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ ਸਾਲਾਂ ਵਿਚ ਰਵਾਇਤੀ ਵਾਹਨ ਨਿਰਮਾਤਾਵਾਂ ਨੂੰ ਆਪਣੀ ਰਣਨੀਤੀ ਤੇਜ਼ੀ ਨਾਲ ਬਦਲਣੀ ਪੈ ਸਕਦੀ ਹੈ।

6 ਮਹੀਨਿਆਂ ’ਚ 120 ਫ਼ੀਸਦੀ ਵਧਿਆ ਚੀਨੀ ਈ.ਵੀ. ਦਾ ਐਕਸਪੋਰਟ
ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) ਦੇ ਅਨੁਸਾਰ 2026 ਦੀ ਪਹਿਲੀ ਛਿਮਾਹੀ ਵਿਚ ਚੀਨ ਦਾ ਇਲੈਕਟ੍ਰਿਕ ਵ੍ਹੀਕਲ ਐਕਸਪੋਰਟ ਪਿਛਲੇ ਸਾਲ ਦੀ ਬਰਾਬਰ ਮਿਆਦ ਦੇ ਮੁਕਾਬਲੇ 120 ਫ਼ੀਸਦੀ ਵਧਿਆ। ਬ੍ਰਾਜ਼ੀਲ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਵੀਅਤਨਾਮ ਵਰਗੇ ਬਾਜ਼ਾਰਾਂ ਵਿਚ ਵੀ ਚੀਨੀ ਈ.ਵੀ. ਦੀ ਵਿਕਰੀ ਵਿਚ ਤੇਜ਼ੀ ਆਈ ਹੈ। ਗਲੋਬਲ ਨਵੀਂ ਕਾਰ ਵਿਕਰੀ ਵਿਚ ਈ.ਵੀ. ਦੀ ਹਿੱਸੇਦਾਰੀ ਕਰੀਬ 29 ਫ਼ੀਸਦੀ ਪਹੁੰਚਣ ਦਾ ਅਨੁਮਾਨ ਹੈ, ਜਦਕਿ ਚੀਨ ਵਿਚ ਵਿਕਣ ਵਾਲੀਆਂ ਨਵੀਆਂ ਕਾਰਾਂ ’ਚ ਜ਼ਿਆਦਾ ਇਲੈਕਟ੍ਰਿਕ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News