ਦੱਖਣੀ ਕੋਰੀਆ ''ਚ 31 ਚੀਨੀ ਨਾਗਰਿਕ ਗ੍ਰਿਫ਼ਤਾਰ
Monday, Aug 17, 2026 - 05:58 PM (IST)
ਸਿਓਲ/ਤਾਇਆਨ (ਆਈਏਐਨਐਸ): ਦੱਖਣੀ ਕੋਰੀਆ ਦੇ ਪੱਛਮੀ ਤੱਟ 'ਤੇ ਸਥਿਤ ਤਾਇਆਨ ਇਲਾਕੇ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਵਾਲੇ ਚੀਨੀ ਨਾਗਰਿਕਾਂ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਕੋਰੀਆਈ ਕੋਸਟ ਗਾਰਡ ਦੇ ਅੰਕੜਿਆਂ ਅਨੁਸਾਰ, ਪਿਛਲੇ ਅੱਠ ਸਾਲਾਂ ਦੌਰਾਨ ਇਸ ਤੱਟਵਰਤੀ ਇਲਾਕੇ ਤੋਂ ਲਗਭਗ 31 ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਘੁਸਪੈਠੀਏ ਚੀਨ ਤੋਂ ਦੱਖਣੀ ਕੋਰੀਆ ਪਹੁੰਚਣ ਲਈ ਅਕਸਰ ਛੋਟੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ। ਸਤੰਬਰ 2019 ਵਿੱਚ ਰਬੜ ਦੀ ਇੱਕ ਕਿਸ਼ਤੀ ਰਾਹੀਂ ਤਿੰਨ ਚੀਨੀ ਨਾਗਰਿਕ ਤਾਇਆਨ ਦੇ ਇੱਕ ਬੀਚ 'ਤੇ ਪਹੁੰਚੇ ਸਨ, ਜਦੋਂ ਕਿ ਪਿਛਲੇ ਸਾਲ ਅੱਠ ਲੋਕਾਂ ਨੂੰ ਇੱਕ 4.3 ਮੀਟਰ ਲੰਬੀ ਕਿਸ਼ਤੀ ਸਮੇਤ ਹਿਰਾਸਤ ਵਿੱਚ ਲਿਆ ਗਿਆ ਸੀ।
ਇਸ ਸਾਲ 25 ਮਈ ਨੂੰ ਚੀਨ ਦੇ ਇੱਕ ਮਸ਼ਹੂਰ ਰਾਜਨੀਤਿਕ ਅਸੰਤੁਸ਼ਟ ਡੋਂਗ ਗੁਆਂਗਪਿੰਗ ਨੂੰ ਵੀ ਇਸੇ ਤੱਟ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਹੋਏ ਫੜਿਆ ਗਿਆ ਸੀ। ਡੋਂਗ, ਜੋ ਚੀਨ ਵਿੱਚ ਕਈ ਵਾਰ ਜੇਲ੍ਹ ਕੱਟ ਚੁੱਕਾ ਸੀ, ਨੂੰ ਬਾਅਦ ਵਿੱਚ ਦੱਖਣੀ ਕੋਰੀਆ ਛੱਡਣ ਦੀ ਇਜਾਜ਼ਤ ਮਿਲ ਗਈ ਅਤੇ ਉਹ ਜੂਨ ਵਿੱਚ ਕੈਨੇਡਾ ਚਲਾ ਗਿਆ। ਇੱਕ ਅਹਿਮ ਤੱਥ ਸਾਹਮਣੇ ਆਇਆ ਹੈ ਕਿ ਫੜੇ ਗਏ 31 ਵਿੱਚੋਂ 25 ਚੀਨੀ ਨਾਗਰਿਕ ਪਹਿਲਾਂ ਵੀ ਦੱਖਣੀ ਕੋਰੀਆ ਵਿੱਚ ਕੰਮ ਕਰ ਚੁੱਕੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਗੈਰ-ਕਾਨੂੰਨੀ ਰਿਹਾਇਸ਼ ਕਾਰਨ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਕਿਉਂਕਿ ਉਨ੍ਹਾਂ ਕੋਲ ਵਾਪਸ ਆਉਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਮੁੜ ਦੇਸ਼ ਵਿੱਚ ਵੜਨ ਲਈ ਇਹ ਖ਼ਤਰਨਾਕ ਸਮੁੰਦਰੀ ਰਸਤਾ ਚੁਣਿਆ।
ਕੋਸਟ ਗਾਰਡ ਅਨੁਸਾਰ ਘੁਸਪੈਠ ਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਅਪ੍ਰੈਲ-ਮਈ ਜਾਂ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਹੁੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਸਮੁੰਦਰ ਸ਼ਾਂਤ ਹੁੰਦਾ ਹੈ, ਜਿਸ ਨਾਲ ਛੋਟੀਆਂ ਕਿਸ਼ਤੀਆਂ ਰਾਹੀਂ ਸਫ਼ਰ ਕਰਨਾ ਆਸਾਨ ਹੋ ਜਾਂਦਾ ਹੈ। ਕੋਸਟ ਗਾਰਡ ਨੇ ਹੁਣ ਤੱਟਵਰਤੀ ਇਲਾਕਿਆਂ ਵਿੱਚ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
