ਜਿਨਪਿੰਗ ਦਾ ਸੁਫ਼ਨਾ ਪੂਰਾ ਕਰਨਗੇ ਚੀਨ ਦੇ ਪ੍ਰਮਾਣੂ ਹਥਿਆਰ
Friday, Jul 02, 2021 - 04:27 PM (IST)
ਬੀਜਿੰਗ– ਚੀਨ ਇਨ੍ਹੀਂ ਦਿਨੀਂ ਤੇਜ਼ੀ ਨਾਲ ਆਪਣੀ ਮਿਜ਼ਾਇਲ ਸਮਰੱਥਾ ਨੂੰ ਵਧਾਉਣ ’ਚ ਲੱਗਾ ਹੋਇਆ ਹੈ। ਹਾਲ ਹੀ ’ਚ ਲਈ ਗਈ ਸੈਟੇਲਾਈਟ ਤਸਵੀਰ ਤੋਂ ਪਤਾ ਲੱਗਾ ਹੈ ਕਿ ਉੱਤਰ-ਪੱਛਮੀ ਸ਼ਹਿਰ ਯੁਮੇਨ ਦੇ ਨੇੜੇ ਇਕ ਰੇਗਿਸਤਾਨ ’ਚ ਇੰਟਰਕਾਂਟੀਨੈਂਟਲ ਬੈਲੀਸਟਿਕ ਮਿਜ਼ਾਇਲਾਂ ਲਈ 100 ਤੋਂ ਜ਼ਿਆਦਾ ਨਵੇਂ ਸਾਈਲੋ ਦਾ ਨਿਰਮਾਣ ਚੀਨ ਕਰ ਰਿਹਾ ਹੈ। ਦੱਸ ਦੇਈਏ ਕਿ ਸਾਈਲੋ ਸਟੋਰੇਜ ਕੰਟੇਨਰ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਲੰਬੀ ਦੂਰੀ ਤਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਸਟੋਰ ਕੀਤੀਆਂ ਜਾਂਦੀਆਂ ਹਨ।
ਕਿਵੇਂ ਕੰਮ ਕਰਦੀਆਂ ਹਨ ਇੰਟਰਕਾਂਟਿਨੈਂਟਲ ਬੈਲੀਸਟਿਕ ਮਿਜ਼ਾਇਲਾਂ
ਇੰਟਰਕਾਂਟਿਨੈਂਟਲ ਬੈਲੀਸਟਿਕ ਮਿਜ਼ਾਇਲਾਂ ਜ਼ਿਆਦਾ ਰੇਂਜ ਵਾਲੀਆਂ ਮਿਜ਼ਾਇਲਾਂ ਹੁੰਦੀਆਂ ਹਨ ਜੋ ਕਿ ਇਕ ਮਹਾਦੀਪ ਤੋਂ ਉੱਡ ਕੇ ਦੂਜੇ ਮਹਾਦੀਪ ਤਕ ਹਮਲਾ ਕਰਨ ’ਚ ਸਮਰੱਥ ਹੁੰਦੀਆਂ ਹਨ। ਇਹ ਮਿਜ਼ਾਇਲਾਂ ਆਪਣੀ ਸਾਈਟ ਤੋਂ ਉੱਡ ਕੇ ਪੁਲਾੜ ਦੇ ਰਸਤੇ ਸਫ਼ਰ ਕਰਦੇ ਹੋਏ ਟੀਚੇ ਨੂੰ ਸਫ਼ਲਤਾਪੂਰਨ ਨਿਸ਼ਾਨਾ ਬਣਾ ਸਕਦੀਆਂ ਹਨ। ਇਹ ਮਿਜ਼ਾਇਲਾਂ ਪਰੰਪਰਾਗਤ ਅਤੇ ਪ੍ਰਮਾਣੂ ਹਥਿਆਰ ਦੇ ਨਾਲ ਵੀ ਮਾਰ ਕਰਨ ’ਚ ਸਮਰੱਥ ਹੁੰਦੀਆਂ ਹਨ। ਚੀਨ ਕੋਲ ਡੀ.ਐੱਫ-5 ਅਤੇ ਡੀ.ਐੱਫ.-41 ਵਰਗੀਆਂ ਘਾਤਕ ਮਿਜ਼ਾਇਲਾਂ ਹਨ, ਜੋ ਅਮਰੀਕਾ ਤਕ ਮਾਰ ਕਰਨ ’ਚ ਸਮਰੱਥ ਹਨ।
ਇਨ੍ਹਾਂ ਤਿਆਰੀਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੀਨ ਇਨ੍ਹੀਂ ਦਿਨੀਂ ਆਪਣੀ ਮਾਰਕ ਸਮਰੱਥਾ ਨੂੰ ਵਧਾਉਣ ਅਤੇ ਦੁਸ਼ਮਣਾਂ ਤੇ ਹਾਵੀ ਹੋਣ ਲਈ ਮਿਜ਼ਾਇਲਾਂ ਨੂੰ ਮੁੱਖ ਹਥਿਆਰ ਬਣਾਏਗਾ। ਚੀਨ ਕੋਲ ਕਈ ਅਜਿਹੀਆਂ ਘਾਤਕ ਮਿਜ਼ਾਇਲਾਂ ਹਨ ਜਿਨ੍ਹਾਂ ਦਾ ਤੋੜ ਅਮਰੀਕਾ ਕੋਲ ਵੀ ਨਹੀਂ ਹੈ। ਜੇਕਰ 100 ਤੋਂ ਜ਼ਿਆਦਾ ਮਿਜ਼ਾਇਲਾਂ ਦਾ ਨਿਰਮਾਣ ਪੂਰਾ ਹੋ ਜਾਂਦਾ ਹੈ ਤਾਂ ਇਸ ਨਾਲ ਚੀਨ ਦੀ ਪ੍ਰਮਾਣੂ ਸਮਰੱਥਾ ’ਚ ਕਾਫੀ ਵਾਧਾ ਹੋਵੇਗਾ।