ਚੀਨ ਨੇ ਹਾਂਗਕਾਂਗ ਮਾਮਲੇ ''ਚ ਦਖਲ ਨੂੰ ਲੈ ਕੇ ਬ੍ਰਿਟੇਨ ਨੂੰ ਦਿੱਤੀ ਚਿਤਾਵਨੀ

7/21/2020 10:18:22 PM

ਲੰਡਨ (ਭਾਸ਼ਾ): ਚੀਨ ਨੇ ਹਾਂਗਕਾਂਗ ਮਾਮਲੇ ਵਿਚ ਦਖਲ ਜਾਰੀ ਰੱਖਣ 'ਤੇ ਬ੍ਰਿਟੇਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਚੀਨ ਇਸ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦਾ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮਿਨਿਕ ਰਾਬ ਨੇ ਸੋਮਵਾਰ ਨੂੰ ਹਾਊਸ ਆਫ ਕਾਮਨਸ ਵਿਚ ਕਿਹਾ ਸੀ ਕਿ ਚੀਨ ਵਲੋਂ ਹਾਂਗਕਾਂਗ ਦੇ ਲਈ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਿਆਂਦੇ ਜਾਣ ਤੋਂ ਬਾਅਦ ਹਾਂਗਕਾਂਗ ਨੂੰ ਲੈ ਕੇ ਉਸ ਦੀ ਚੀਨ ਦੇ ਨਾਲ ਹੋਈ ਸੰਧੀ 'ਤੇ ਕਈ ਮਹੱਤਵਪੂਰਨ ਮਾਨਤਾਵਾਂ ਬਦਲ ਗਈਆਂ ਹਨ। ਲਿਹਾਜ਼ਾ, ਉਹ ਸੰਧੀ ਅਣ-ਮਿੱਥੇ ਸਮੇਂ ਲਈ ਰੱਦ ਕੀਤੀ ਜਾਂਦੀ ਹੈ। ਰਾਬ ਨੇ ਚੀਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਇਸ ਨੂੰ ਬ੍ਰਿਟੇਨ ਤੇ ਪੂਰੀ ਦੁਨੀਆ ਦੇਖ ਰਹੀ ਹੈ। 

ਇਸ ਦੇ ਤੁਰੰਤ ਬਾਅਦ ਲੰਡਨ ਸਥਿਤ ਚੀਨੀ ਦੂਜਘਰ ਤੇ ਬ੍ਰਿਟੇਨ ਵਿਚ ਚੀਨ ਦੇ ਰਾਜਦੂਤ ਲਿਊ ਸ਼ਿਯਾਓਮਿੰਗ ਨੇ ਬ੍ਰਿਟੇਨ ਦੇ ਇਸ ਕਦਮ ਦਾ ਸਖਤ ਵਿਰੋਧ ਕਰਦੇ ਹੋਏ ਇਸ ਨੂੰ ਚੀਨ ਦੀ ਪ੍ਰਭੂਸੱਤਾ ਦਾ ਅਪਮਾਨ ਤੇ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਖੁੱਲ੍ਹੇਆਮ ਦਖਲ ਕਰਾਰ ਦਿੱਤਾ। ਲਿਊ ਸ਼ਿਆਓਮਿੰਗ ਨੇ ਟਵੀਟ ਕੀਤਾ ਕਿ ਬ੍ਰਿਟੇਨ ਨੇ ਖੁੱਲ੍ਹੇਆਮ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦਿੱਤਾ ਹੈ। ਨਾਲ ਹੀ ਉਸ ਨੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਬਣਾਏ ਰੱਖਣ ਦੇ ਬੁਨਿਆਦੀ ਨਿਯਮਾਂ ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਕਦੇ ਵੀ ਬ੍ਰਿਟੇਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਕੀਤਾ। ਬ੍ਰਿਟੇਨ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਨਹੀਂ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਹੋਣਗੇ।


Baljit Singh

Content Editor Baljit Singh