ਚੀਨ ਪਾਕਿਸਤਾਨ ਲਈ ਬਣਾਏਗਾ ਪੁਲਾੜ ਸਟੇਸ਼ਨ ਅਤੇ ਹੋਰ ਉਪਗ੍ਰਹਿ
Saturday, Jan 29, 2022 - 01:42 PM (IST)
ਬੀਜਿੰਗ (ਭਾਸ਼ਾ)- ਚੀਨ ਨੇ ਪਾਕਿਸਤਾਨ ਲਈ ਇਕ ਪੁਲਾੜ ਸਟੇਸ਼ਨ ਬਣਾਉਣ ਅਤੇ ਉਸ ਲਈ ਹੋਰ ਉਪਗ੍ਰਹਿ ਲਾਂਚ ਕਰਨ ਸਮੇਤ ਇਸਲਾਮਾਬਾਦ ਦੇ ਨਾਲ ਪੁਲਾੜ ਸਹਿਯੋਗ ਵਧਾਉਣ ਦੀ ਯੋਜਨਾ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ‘ਚੀਨ ਦੇ ਸਪੇਸ ਪ੍ਰੋਗਰਾਮ: 2021 ਪਰਸਪੈਕਟਿਵਜ਼’ ਸਿਰਲੇਖ ਵਾਲੇ ਵ੍ਹਾਈਟ ਪੇਪਰ ਵਿਚ ਪਾਕਿਸਤਾਨ ਦਾ ਕਈ ਵਾਰ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਸਟੇਟ ਕੌਂਸਲ ਜਾਂ ਕੇਂਦਰੀ ਮੰਤਰੀ ਮੰਡਲ ਵੱਲੋਂ ਜਾਰੀ ਕੀਤਾ ਗਿਆ ਹੈ।
ਇਸ ਵਿਚ ਚੀਨ ਦੇ ਵਧ ਰਹੇ ਪੁਲਾੜ ਉਦਯੋਗ ਲਈ ਭਵਿੱਖ ਵਿਚ ਉਸ ਦੇ ਵਿਸਤਾਰ ਦੀਆਂ ਯੋਜਨਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਚੀਨ ਨੇ ਚੰਦਰਮਾ ਅਤੇ ਮੰਗਲ ਗ੍ਰਹਿ ਲਈ ਆਪਣਾ ਮਿਸ਼ਨ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਸ਼ੁੱਕਰਵਾਰ ਨੂੰ ਜਾਰੀ ਵ੍ਹਾਈਟ ਪੇਪਰ ਵਿਚ ਕਿਹਾ ਗਿਆ ਹੈ ਕਿ ਚੀਨ ‘ਪਾਕਿਸਤਾਨ ਲਈ ਸੰਚਾਰ ਉਪਗ੍ਰਹਿ ਵਿਕਸਿਤ ਕਰਨ ਅਤੇ ਪਾਕਿਸਤਾਨ ਪੁਲਾੜ ਕੇਂਦਰ ਦੇ ਨਿਰਮਾਣ ਵਿਚ ਸਹਿਯੋਗ ਨੂੰ ਪਹਿਲ ਦੇਵੇਗਾ।’ ਚੀਨ ਫਿਲਹਾਲ ਆਪਣਾ ਪੁਲਾੜ ਸਟੇਸ਼ਨ ਬਣਾ ਰਿਹਾ ਹੈ, ਜਿਸ ਦੇ ਇਸ ਸਾਲ ਪੂਰਾ ਹੋਣ ਦੀ ਉਮੀਦ ਹੈ। ਵ੍ਹਾਈਟ ਪੇਪਰ ਵਿਚ ਕਿਹਾ ਗਿਆ ਹੈ ਕਿ ਚੀਨ ਅਗਲੇ ਪੰਜ ਸਾਲਾਂ ਵਿਚ ਹੋਰ ਜ਼ਿਆਦਾ ਪੁਲਾੜ ਵਿਗਿਆਨ ਦੀ ਖੋਜ ਕਰੇਗਾ।