ਵਿਸ਼ਵ ਭਰ 'ਚ ਮਹਾਮਾਰੀ ਪਹੁੰਚਾਉਣ ਵਾਲੇ ਵੁਹਾਨ 'ਚ ਕੋਰੋਨਾ ਟੀਕਾਕਰਨ ਸ਼ੁਰੂ

Tuesday, Dec 29, 2020 - 02:02 PM (IST)

ਬੀਜਿੰਗ- ਚੀਨ ਨੇ ਵੁਹਾਨ ਵਿਚ ਐਮਰਜੈਂਸੀ ਕੋਵਿਡ-19 ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਇਹ ਓਹੀ ਵੁਹਾਨ ਹੈ ਜਿੱਥੇ ਇਕ ਸਾਲ ਪਹਿਲਾਂ ਘਾਤਕ ਨਾਵਲ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤੀ ਹੋਈ ਸੀ ਅਤੇ ਪੂਰੇ ਵਿਸ਼ਵ ਤੱਕ ਪਹੁੰਚ ਗਈ। ਹਾਲਾਂਕਿ ਚੀਨ ਨੇ ਅਜੇ ਵੀ ਆਪਣੇ ਕਈ ਕੋਰੋਨਾ ਟੀਕਿਆਂ ਨੂੰ ਅਧਿਕਾਰਤ ਤੌਰ 'ਤੇ ਪ੍ਰਮਾਣਿਤ ਨਹੀਂ ਕੀਤਾ ਹੈ। ਇਸ ਕਾਰਨ ਚੀਨ ਦੇ ਟੀਕੇ ਵਿਵਾਦਾਂ ਵਿਚ ਵੀ ਹਨ।

ਰਿਪੋਰਟਾਂ ਮੁਤਾਬਕ, ਵੁਹਾਨ ਵਿਚ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਉਪ ਨਿਰਦੇਸ਼ਕ ਜ਼ੇਨਯੂ ਨੇ ਕਿਹਾ ਕਿ 15 ਜ਼ਿਲ੍ਹਿਆਂ ਵਿਚ 48 ਮਨੋਨੀਤ ਕਲੀਨਿਕਾਂ ਵਿਚ 24 ਦਸੰਬਰ ਤੋਂ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। 18 ਤੋਂ 59 ਸਾਲ ਦੀ ਉਮਰ ਦੇ ਕੁਝ ਵਰਗਾਂ ਨੂੰ ਇਹ ਲਾਇਆ ਜਾ ਰਿਹਾ ਹੈ।

ਚੀਨ ਦੀ ਜ਼ੀਨਹੂਆ ਸਮਾਚਾਰ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਟੀਕਾ ਲਵਾਉਣ ਵਾਲਿਆਂ ਨੂੰ ਚਾਰ ਹਫ਼ਤਿਆਂ ਦੇ ਅੰਤਰਾਲ ਨਾਲ ਦੋ ਸ਼ਾਟ ਲੱਗਣਗੇ। 

ਚੀਨ ਦੇ ਅਧਿਕਾਰਤ ਸਮੇਂ ਅਨੁਸਾਰ ਪਿਛਲੇ ਸਾਲ 31 ਦਸੰਬਰ ਨੂੰ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਸਾਹਮਣੇ ਆਏ ਸਨ। ਇਸ ਦੇ ਮੱਦੇਨਜ਼ਰ 1.1 ਕਰੋੜ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਤਾਲਾਬੰਦੀ ਲਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਪੂਰਾ ਹੁਬੇਈ ਸੂਬਾ ਲਾਕਡਾਊਨ ਕਰ ਦਿੱਤਾ ਗਿਆ ਸੀ। ਕੋਰੋਨਾ ਵਾਇਰਸ ਦੇ ਕਾਬੂ ਵਿਚ ਆਉਣ ਪਿੱਛੋਂ ਹੁਬੇਈ ਸੂਬੇ ਅਤੇ ਵੁਹਾਨ ਵਿਚ ਇਸ ਸਾਲ 8 ਅਪ੍ਰੈਲ ਨੂੰ ਲੰਮੇ ਸਮੇਂ ਤੋਂ ਲੱਗੀ ਤਾਲਾਬੰਦੀ ਹਟਾਈ ਗਈ। ਚੀਨ ਮੁਤਾਬਕ, ਹੁਬੇਈ ਵਿਚ ਕੋਰੋਨਾ ਵਾਇਰਸ ਕਾਰਨ 4,512 ਲੋਕਾਂ ਦੀ ਮੌਤ ਹੋਈ, ਜਿਸ ਵਿਚੋਂ 3,869 ਵੁਹਾਨ ਦੇ ਸਨ। ਹੁਬੇਈ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 68,134 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 50,339 ਵੁਹਾਨ ਦੇ ਹਨ। ਅਧਿਕਾਰੀਆਂ ਅਨੁਸਾਰ ਸਿਹਤ ਅਤੇ ਹੋਰ ਨਾਜ਼ੁਕ ਖੇਤਰਾਂ ਵਿਚ ਕੰਮ ਕਰਨ ਵਾਲੇ 10 ਲੱਖ ਤੋਂ ਵੱਧ ਲੋਕਾਂ ਨੂੰ ਐਮਰਜੈਂਸੀ ਕੋਵਿਡ-19 ਵਿਵਸਥਾ ਤਹਿਤ ਟੀਕੇ ਲਾ ਦਿੱਤੇ ਗਏ ਹਨ।


Sanjeev

Content Editor

Related News