ਟਿਕਟੌਕ ਅਤੇ ਵੀਚੈਟ ''ਤੇ ਅਮਰੀਕੀ ਪਾਬੰਦੀ ਖ਼ਿਲਾਫ਼ ਚੀਨ ਦੀ ਜਵਾਬੀ ਕਾਰਵਾਈ ਦੀ ਚਿਤਾਵਨੀ
Saturday, Sep 19, 2020 - 06:14 PM (IST)
ਬੀਜਿੰਗ- ਚੀਨ ਨੇ ਵੀਚੈਟ ਅਤੇ ਟਿਕਟੌਕ ਐਪ ਦੀ ਡਾਊਨਲੋਡਿੰਗ ਨੂੰ ਰੋਕਣ ਦੇ ਅਮਰੀਕਾ ਦੇ ਕਦਮ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਉਸ ਨੇ ਚੀਨ ਦੀਆਂ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਲਈ ਜਵਾਬੀ ਕਦਮ ਚੁੱਕਣ ਦੀ ਚਿਤਾਵਨੀ ਵੀ ਦਿੱਤੀ ਹੈ। ਅਮਰੀਕਾ ਨੇ ਲੋਕਪ੍ਰਸਿੱਧ ਚੀਨੀ ਸੋਸ਼ਲ ਮੀਡੀਆ ਐਪ ਟਿਕਟੌਕ ਅਤੇ ਵੀਚੈਟ ਨੂੰ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਬੈਨ ਕਰਨ ਦਾ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤਾ। ਇਸ ਦੇ ਕੁਝ ਹਫ਼ਤੇ ਪਹਿਲਾਂ ਭਾਰਤ ਨੇ ਵੀ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਚੀਨ ਦੇ ਕਈ ਐਪਸ 'ਤੇ ਬੈਨ ਲਗਾ ਦਿੱਤਾ ਸੀ। ਅਮਰੀਕਾ ਦੇ ਰਸ਼ਟਰਪਤੀ ਡੋਨਾਲਡ ਟਰੰਪ ਨੇ 15 ਸਤੰਬਰ ਤਕ ਟਿਕਟੌਕ ਅਤੇ ਵੀਚੈਟ ਦਾ ਮਾਲਿਕਾਨਾ ਹੱਕ ਕਿਸੇ ਅਮਰੀਕੀ ਕੰਪਨੀ ਕੋਲ ਨਹੀਂ ਆ ਜਾਣ ਦੀ ਹਾਲਤ 'ਚ ਇਨ੍ਹਾਂ ਨੂੰ ਬੈਨ ਕਰਨ ਦੇ ਹੁਕਮ 'ਤੇ ਪਿਛਲੇ ਮਹੀਨੇ ਦਸਤਖਤ ਕੀਤੇ ਸਨ। ਚੀਨ ਤੋਂ ਵਣਜ ਮੰਤਰਾਲੇ ਨੇ ਟਿਕਟੌਕ ਅਤੇ ਵੀਚੈਟ 'ਤੇ ਪਾਬੰਦੀ ਲਗਾਉਣ ਦੇ ਟਰੰਪ ਸਰਕਾਰ ਦੇ ਹੁਕਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਚੀਨ ਅਮਰੀਕਾ ਦੇ ਇਸ ਕਦਮ ਦਾ ਪੁਰਜ਼ੋਰ ਵਿਰੋਧ ਕਰਦਾ ਹੈ। ਅਮਰੀਕਾ ਨੇ ਕਿਸੇ ਵੀ ਸਬੂਤ ਦੀ ਘਾਟ 'ਚ ਵਾਰ-ਵਾਰ ਗੈਰ-ਕਾਨੂੰਨੀ ਕਾਰਨਾਂ ਕਰਕੇ ਦੋ ਉਦਮਾਂ ਨੂੰ ਦਬਾਉਣ ਲਈ ਸਰਕਾਰ ਦੀ ਸ਼ਕਤੀ ਦਾ ਇਸਤੇਮਾਲ ਕੀਤਾ ਹੈ। ਇਸ ਕਦਮ ਨੇ ਅਮਰੀਕੀ ਨਿਵੇਸ਼ ਦੇ ਮਾਹੌਲ 'ਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਘੱਟ ਕਰ ਦਿੱਤਾ ਹੈ ਅਤੇ ਆਮ ਗਲੋਬਲ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਮੰਤਰਾਲੇ ਨੇ ਕਿਹਾ ਕਿ ਚੀਨ ਆਪਣੀਆਂ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਲਈ ਜਵਾਬੀ ਕਦਮ ਚੁੱਕਣ ਦੀ ਤਿਆਰੀ 'ਚ ਹੈ। ਹਾਲਾਂਕਿ ਮੰਤਰਾਲੇ ਨੇ ਇਸ ਬਾਰੇ ਵਿਸਤਾਰ ਨਾਲ ਕੁਝ ਵੀ ਨਹੀਂ ਦੱਸਿਆ ਕਿ ਚੀਨ ਕਿਸ ਤਰ੍ਹਾਂ ਦੇ ਕਦਮ ਚੁੱਕਣ ਦੀ ਤਿਆਰੀ 'ਚ ਹੈ। ਭਾਰਤ ਨੇ 29 ਜੂਨ ਨੂੰ ਟਿਕਟੌਕ ਅਤੇ ਵੀਚੈਟ ਦੇ ਨਾਲ ਚੀਨਦੇ 59 ਐਪਸ 'ਤੇ ਰੋਕ ਲਗਾਉਣ ਦਾ ਐਲਾਨ ਕੀਤੀ ਸੀ। ਬਾਅਦ 'ਚ ਭਾਰਤ ਨੇ ਅਜਿਹੇ ਐਪਸ ਦਾ ਦਾਇਰਾ ਵਧਾ ਦਿੱਤਾ ਅਤੇ ਹੁਣ ਚੀਨ ਦੇ 224 ਐਪਸ 'ਤੇ ਭਾਰਤ 'ਚ ਬੈਨ ਹੈ।