ਚੀਨ ਨੇ ਅਲਾਪਿਆ ਆਪਣੀ ਵਿਸਥਾਰਵਾਦੀ ਨੀਤੀ ਦਾ ਰਾਗ, ਕਿਹਾ- ਤਾਈਪੇ ਦਾ ਆਪਣੇ ਰਾਸ਼ਟਰ ''ਚ ਹੋਵੇਗਾ ਮਿਲਨ

Sunday, Oct 10, 2021 - 05:42 PM (IST)

ਚੀਨ ਨੇ ਅਲਾਪਿਆ ਆਪਣੀ ਵਿਸਥਾਰਵਾਦੀ ਨੀਤੀ ਦਾ ਰਾਗ, ਕਿਹਾ- ਤਾਈਪੇ ਦਾ ਆਪਣੇ ਰਾਸ਼ਟਰ ''ਚ ਹੋਵੇਗਾ ਮਿਲਨ

ਬੀਜਿੰਗ- ਚੀਨ 'ਚ ਆਖ਼ਰੀ ਸ਼ਾਹੀ ਵੰਸ਼ ਨੂੰ ਖ਼ਤਮ ਕਰਨ ਵਾਲੀ ਬਗ਼ਾਵਤ ਦੀ 110ਵੀਂ ਵਰ੍ਹੇਗੰਢ ਦੇ ਮੌਕੇ 'ਤੇ ਰਾਜਧਾਨੀ ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਿ ਪੀਪਲ 'ਚ ਆਯੋਜਿਤ ਸਮਾਰੋਹ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ਨੀਵਾਰ ਨੂੰ ਕਿਹਾ ਕਿ ਤਾਈਵਾਨ ਦੇ ਨਾਲ ਫਿਰ ਤੋਂ ਏਕੀਕਰਨ ਸ਼ਾਂਤੀਪੂਰਵਕ ਹੋਵੇਗਾ। ਇਸ ਤੋਂ ਪਹਿਲਾਂ ਚੀਨ ਨੇ ਤਾਈਵਾਨ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਸ਼ੀ ਨੇ ਅਧਿਕਾਰਤ ਸਮਾਰੋਹ 'ਚ ਕਿਹਾ ਕਿ ਇਕ ਸ਼ਾਂਤੀਪੂਰਵਕ ਤਰੀਕ ਨਾਲ ਤਾਈਵਾਨ ਦਾ ਚੀਨੀ ਰਾਸ਼ਟਰ ਦੇ ਨਾਲ ਪੁਨਰਮਿਲਨ ਹੋਵੇਗਾ, ਜੋ ਸਾਰਿਆਂ ਦੇ ਹਿੱਤ 'ਚ ਹੈ।

ਚੀਨ ਦੇ ਨੇਤਾ ਸ਼ੀ ਜਿਨਪਿੰਗ ਅਜੇ ਤਕ ਦੇ ਇਤਿਹਾਸ 'ਚ ਦੇਸ਼ ਦੀ ਸਭ ਤੋਂ ਤਾਕਤਵਰ ਫ਼ੌਜ ਦੀ ਅਗਵਾਈ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ 2022 'ਚ ਆਪਣੇ ਤੀਜੇ ਕਾਰਜਕਾਲ ਨੂੰ ਜਾਰੀ ਰੱਖਣ ਲਈ ਸ਼ੀ ਜਿਨਪਿੰਗ ਨਵੀਂ ਚਾਲ ਚਲ ਰਹੇ ਹਨ। ਉਹ ਜਾਣਦੇ ਹਨ ਕਿ ਜੇਕਰ ਤਾਈਵਾਨ ਨੂੰ ਚੀਨ 'ਚ ਮਿਲਾ ਲਿਆ ਜਾਵੇਗਾ ਤਾਂ ਉਨ੍ਹਾਂ ਨੂੰ ਵੱਡੇ ਪੱਧਰ 'ਚ ਜਨਤਾ ਦਾ ਸਮਰਥਨ ਹਾਸਲ ਹੋਵੇਗਾ। ਇੰਨਾ ਹੀ ਨਹੀਂ ਚੀਨ 'ਚ ਉਨ੍ਹਾਂ ਨੂੰ ਮਾਓਤਸੇ ਤੁੰਗ ਦੇ ਬਾਅਦ ਦੂਜਾ ਸਭ ਤੋਂ ਮਜ਼ਬੂਤ ਨੇਤਾ ਵੀ ਮੰਨਿਆ ਜਾਂਦਾ ਹੈ।

ਜਿਨਪਿੰਗ ਦਾ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ, ਜਦੋਂ ਤਾਈਵਾਨ 'ਚ ਫ਼ੌਜੀ ਤਣਾਅ ਵਧਦਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ ਤਾਈਵਾਨ ਦਾ ਮੁੱਦਾ ਚੀਨ ਦੇ ਅੰਦਰੂਨੀ ਮਾਮਲਿਆਂ 'ਚੋਂ ਇਕ ਹੈ ਤੇ ਇਸ ਵਜ੍ਹਾ ਕਰਕੇ ਉਨ੍ਹਾਂ ਦਾ ਦੇਸ਼ ਬਾਹਰਲੇ ਦੇਸ਼ਾਂ ਦੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ। ਪਰ ਹੁਣ ਅਮਰੀਕਾ ਦੇ ਬਿਆਨ ਦੇ ਬਾਅਦ ਚੀਨ ਦੇ ਵਿਵਹਾਰ 'ਚ ਨਰਮੀ ਆ ਗਈ ਹੈ। ਦੋ ਦਿਨ ਪਹਿਲਾਂ ਹੀ ਰਿਪੋਰਟ ਆਈ ਸੀ ਕਿ ਅਮਰੀਕੀ ਫ਼ੌਜ ਦੇ ਸਪੈਸ਼ਲ ਕਮਾਂਡੋ ਤਾਈਵਾਨ 'ਚ ਮੌਜੂਦ ਹਨ ਤੇ ਤਾਈਵਾਨ ਫ਼ੌਜ ਨੂੰ ਟ੍ਰੇਨਿੰਗ ਦੇ ਰਹੇ ਹਨ। ਤਾਈਵਾਨ ਮੁੱਦੇ 'ਤੇ ਅਮਰੀਕਾ ਨੇ ਚੀਨ ਨੂੰ ਸਾਫ਼-ਸਾਫ਼ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੀਨ ਦੀ ਭੜਕਾਉਣ ਵਾਲੀਆਂ ਫ਼ੌਜੀ ਗਤੀਵਿਧੀਆਂ ਨੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਕਮਜ਼ੋਰ ਕਰ ਦਿੱਤਾ ਹੈ।  ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਇਕ ਦੇਸ਼ ਇਕ ਵਿਵਸਥਾ ਨੀਤੀ ਦੇ ਤਹਿਤ ਉਹ ਸ਼ਂਤੀਪੂਰਨ ਤਰੀਕੇ ਨਾਲ ਤਾਈਵਾਨ ਨੂੰ ਆਪਣੇ ਦੇਸ਼ 'ਚ ਮਿਲਾਉਣਗੇ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਹਾਂਗਕਾਂਗ 'ਚ ਇਸਤੇਮਾਲ ਹੋਣ ਵਾਲੀ ਨੀਤੀ ਦੀ ਤਰ੍ਹਾਂ ਹੈ। ਇਸ ਨੀਤੀ ਦਾ ਆਮ ਤੌਰ 'ਤੇ ਤਾਈਵਾਨ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।


author

Tarsem Singh

Content Editor

Related News