ਐਲਨ ਮਸਕ ''ਤੇ ਭੜਕਿਆ ਚੀਨ, UN ਨੂੰ ਸਪੇਸਐਕਸ ਸੈਟੇਲਾਈਟ ਬਾਰੇ ਕੀਤੀ ਸ਼ਿਕਾਇਤ

Wednesday, Dec 29, 2021 - 01:19 PM (IST)

ਬੀਜਿੰਗ/ਵਾਸ਼ਿੰਗਟਨ (ਬਿਊਰੋ): ਇੱਕ ਦਸਤਾਵੇਜ਼ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਵਿਗਿਆਨੀਆਂ ਦੀ ਸਮਝਦਾਰੀ ਨਾਲ ਇਸ ਸਾਲ ਪੁਲਾੜ ਵਿੱਚ ਦੋ ਵੱਡੇ ਹਾਦਸੇ ਟਲ ਗਏ। ਚੀਨ ਨੇ ਸੰਯੁਕਤ ਰਾਸ਼ਟਰ 'ਚ ਕੁਝ ਦਸਤਾਵੇਜ਼ ਪੇਸ਼ ਕੀਤੇ ਹਨ, ਜਿਨ੍ਹਾਂ 'ਚ ਇਨ੍ਹਾਂ ਸੰਭਾਵਿਤ ਟੱਕਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਦਸਤਾਵੇਜ਼ ਵਿੱਚ ਚੀਨ ਨੇ ਸ਼ਿਕਾਇਤ ਕੀਤੀ ਹੈ ਕਿ ਦੋ ਵਾਰ ਉਸ ਦਾ ਸਪੇਸ ਸਟੇਸ਼ਨ ਐਲਨ ਮਸਕ ਦੇ ਸਟਾਰਲਿੰਕ ਪ੍ਰੋਗਰਾਮ ਨਾਲ ਟਕਰਾਉਣ ਤੋਂ ਬਚਿਆ ਹੈ। ਪਹਿਲੀ ਵਾਰ ਇਹ ਟੱਕਰ 1 ਜੁਲਾਈ ਅਤੇ ਦੂਜੀ ਵਾਰ 21 ਅਕਤੂਬਰ ਨੂੰ ਹੋਣ ਵਾਲੀ ਸੀ।

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਚੀਨੀ ਨਾਗਰਿਕ ਟੇਸਲਾ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਤੋਂ ਕਾਫੀ ਨਾਰਾਜ਼ ਹਨ। ਬਹੁਤ ਸਾਰੇ ਲੋਕਾਂ ਨੇ ਆਨਲਾਈਨ ਪਲੇਟਫਾਰਮ 'ਤੇ ਐਲਨ ਮਸਕ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੰਯੁਕਤ ਰਾਸ਼ਟਰ ਆਫਿਸ ਫਾਰ ਆਊਟਰ ਸਪੇਸ ਅਫੇਅਰਜ਼ ਦੀ ਵੈੱਬਸਾਈਟ 'ਤੇ ਇਕ ਰਿਪੋਰਟ 'ਚ ਚੀਨ ਨੇ ਕਿਹਾ ਕਿ ਚੀਨੀ ਪੁਲਾੜ ਸਟੇਸ਼ਨ ਨੂੰ ਇਨ੍ਹਾਂ ਟਕਰਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਪੈਣਗੇ। ਹਾਲਾਂਕਿ ਚੀਨ ਦੀਆਂ ਇਨ੍ਹਾਂ ਸ਼ਿਕਾਇਤਾਂ ਦੀ ਪੁਸ਼ਟੀ ਹੋਣੀ ਬਾਕੀ ਹੈ। ਫਿਲਹਾਲ ਸਪੇਸਐਕਸ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਸੈਟੇਲਾਈਟ ਨੂੰ ਦੱਸਿਆ ਅਮਰੀਕਾ ਦਾ ਸਪੇਸ ਹਥਿਆਰ
ਚੀਨੀ ਨਾਗਰਿਕਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਮਸਕ ਖ਼ਿਲਾਫ਼ ਆਪਣੀ ਨਾਰਾਜ਼ਗੀ ਜਤਾਈ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਸਪੇਸਐਕਸ ਦੇ ਸਟਾਰਲਿੰਕ ਸੈਟੇਲਾਈਟ ਸਿਰਫ਼ ਕੂੜਾ ਹਨ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਇਸ ਨੂੰ ਅਮਰੀਕਾ ਦਾ ਸਪੇਸ ਹਥਿਆਰ ਕਿਹਾ ਹੈ। ਧਰਤੀ ਦਾ ਪੰਧ ਸੈਟੇਲਾਈਟਾਂ ਅਤੇ ਹੋਰ ਕਿਸਮ ਦੇ ਮਲਬੇ ਨਾਲ ਭਰਿਆ ਹੋਇਆ ਹੈ ਜੋ ਸਪੇਸ ਸਟੇਸ਼ਨ, ਮੌਜੂਦਾ ਉਪਗ੍ਰਹਿ ਅਤੇ ਸਪੇਸ ਟੈਲੀਸਕੋਪਾਂ ਲਈ ਇੱਕ ਵੱਡਾ ਖ਼ਤਰਾ ਹੈ। ਵਿਗਿਆਨੀ ਲਗਾਤਾਰ ਦੇਸ਼ਾਂ ਨੂੰ ਇਸ ਦੇ ਡਾਟਾ ਨੂੰ ਸਾਂਝਾ ਕਰਨ ਲਈ ਕਹਿ ਰਹੇ ਹਨ ਤਾਂ ਜੋ ਭਵਿੱਖ ਵਿੱਚ ਸੰਭਾਵਿਤ ਟੱਕਰਾਂ ਤੋਂ ਬਚਿਆ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ- ਹਵਾ 'ਚ ਉੱਡ ਰਹੇ ਜਹਾਜ਼ ਨਾਲ ਟਕਰਾਇਆ ਬਰਫ ਦਾ ਟੁੱਕੜਾ, ਵਾਲ-ਵਾਲ ਬਚੇ 200 ਯਾਤਰੀ

'ਸਟਾਰਲਿੰਕ' ਸਪੀਡ ਦੀ ਦੁਨੀਆ ਵਿਚ ਲਿਆਵੇਗਾ ਕ੍ਰਾਂਤੀ
ਸਾਲ 2022 ਵਿਚ ਸਟਾਰਲਿੰਕ ਦਾ ਇੰਟਰਨੈਟ ਕੰਮ ਪੂਰੀ ਦੁਨੀਆ ਵਿੱਚ ਫੈਲਣ ਦੀ ਉਮੀਦ ਹੈ। ਇਸ ਦੀ ਸਪੀਡ 50 Mbps ਤੋਂ 150 Mbps ਤੱਕ ਹੋ ਸਕਦੀ ਹੈ। ਸਟਾਰਲਿੰਕ ਦੇ ਉਪਗ੍ਰਹਿ ਧਰਤੀ ਦੇ ਨੇੜੇ ਹਨ, ਇਸ ਲਈ ਇੰਟਰਨੈੱਟ ਦੀ ਗਤੀ ਤੇਜ਼ ਹੋਵੇਗੀ। ਇਹ ਸੇਵਾ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਪ੍ਰਭਾਵੀ ਹੋਵੇਗੀ ਜਿੱਥੇ ਆਮ ਇੰਟਰਨੈਟ ਸੇਵਾ ਕੰਮ ਨਹੀਂ ਕਰਦੀ ਜਾਂ ਸਪੀਡ ਧੀਮੀ ਹੈ। ਸਪੇਸਐਕਸ ਇੰਟਰਨੈੱਟ ਦੀ ਸਪੀਡ 300 Mbps ਤੱਕ ਲੈ ਜਾਣ ਦੀ ਤਿਆਰੀ ਕਰ ਰਿਹਾ ਹੈ।

ਪਹਿਲਾਂ ਵੀ ਨਿਸ਼ਾਨੇ 'ਤੇ ਆ ਚੁੱਕੇ ਹਨ ਮਸਕ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਟਾਰਲਿੰਕ ਲਈ ਐਲਨ ਮਸਕ ਦੀ ਆਲੋਚਨਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਸ ਪ੍ਰਾਜੈਕਟ ਕਾਰਨ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਖਗੋਲ ਵਿਗਿਆਨੀਆਂ ਨੇ ਇਸ ਪ੍ਰੋਜੈਕਟਰ ਨੂੰ ਨਿਸ਼ਾਨਾ ਬਣਾਇਆ ਸੀ। ਖਗੋਲ ਵਿਗਿਆਨੀਆਂ ਨੇ ਦੋਸ਼ ਲਾਇਆ ਕਿ ਸਟਾਰਲਿੰਕ ਦੇ ਉਪਗ੍ਰਹਿ ਰਾਤ ਵੇਲੇ ਆਸਮਾਨ ਵਿੱਚ ਬਹੁਤ ਚਮਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਤਾਰਿਆਂ ਦਾ ਅਧਿਐਨ ਕਰਨਾ ਬਹੁਤ ਮੁਸ਼ਕਲ ਹੋ ਜਾਂਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News