ਲਗਾਤਾਰ ਚੌਥੇ ਸਾਲ ਡਿੱਗੀ ਚੀਨ ਦੀ ਆਬਾਦੀ ! Single Child Policy ਬਣੀ ਜ਼ਿੰਮੇਵਾਰ
Tuesday, Jan 20, 2026 - 10:09 AM (IST)
ਇੰਟਰਨੈਸ਼ਨਲ ਡੈਸਕ- ਚੀਨ ਦੀ ਆਬਾਦੀ ’ਚ ਲਗਾਤਾਰ ਚੌਥੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ 2025 ਵਿਚ ਜਨਮ ਦਰ ਇਕ ਦਹਾਕਾ ਪਹਿਲਾਂ ਦੀ ਤੁਲਨਾ ਵਿਚ ਲੱਗਭਗ ਇਕ ਕਰੋੜ ਘੱਟ ਰਹੀ। ਇਸ ਰੁਝਾਨ ਲਈ ਮੁੱਖ ਤੌਰ ’ਤੇ ‘ਇਕ ਬੱਚਾ ਨੀਤੀ’ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਰਾਸ਼ਟਰੀ ਅੰਕੜਾ ਬਿਊਰੋ (ਐੱਨ.ਬੀ.ਐੱਸ.) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, 2025 ’ਚ ਸਿਰਫ 79.2 ਲੱਖ ਬੱਚਿਆਂ ਦਾ ਜਨਮ ਹੋਇਆ, ਜਦਕਿ 2024 ’ਚ ਇਹ ਗਿਣਤੀ 95.4 ਲੱਖ ਸੀ, ਭਾਵ 2025 ਵਿਚ 17 ਫੀਸਦੀ ਦੀ ਗਿਰਾਵਟ ਆਈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ, ਇਹ 1949 ਵਿਚ ਆਬਾਦੀ ਦਾ ਰਿਕਾਰਡ ਰੱਖਣਾ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਘੱਟ ਜਨਮ ਦਰ ਹੈ। 2023 ਵਿਚ ਦਰਜ ਕੀਤੀ ਗਈ ਸਭ ਤੋਂ ਘੱਟ ਜਨਮ ਦਰ ਪਿਛਲੇ ਰਿਕਾਰਡ ਨਾਲੋਂ ਵੀ ਘੱਟ ਹੈ।
2023 ’ਚ ਹੀ ਚੀਨ ਨੂੰ ਪਛਾੜਦੇ ਹੋਏ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਸੀ। ਚੀਨ ਦੀ ਮੌਜੂਦਾ ਜਣੇਪਾ ਦਰ ਦੇ ਆਧਾਰ ’ਤੇ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀ. ਈ. ਐੱਸ .ਏ.) ਨੇ 2024 ਵਿਚ ਅਨੁਮਾਨ ਲਾਇਆ ਸੀ ਕਿ ਸਾਲ 2100 ਤੱਕ ਚੀਨ ਦੀ ਆਬਾਦੀ ਵਿਚ 63.3 ਕਰੋੜ ਦੀ ਕਮੀ ਆਵੇਗੀ।
ਸੋਮਵਾਰ ਨੂੰ ਜਾਰੀ ਐੱਨ.ਬੀ.ਐੱਸ. ਦੇ ਅੰਕੜਿਆਂ ਅਨੁਸਾਰ, ਚੀਨ ਦੀ ਕੁੱਲ ਆਬਾਦੀ 2025 ’ਚ 33.9 ਲੱਖ ਘਟ ਕੇ 1.4049 ਅਰਬ ਹੋ ਗਈ, ਜੋ ਇਕ ਸਾਲ ਪਹਿਲਾਂ 1.4083 ਅਰਬ ਸੀ। ਇਸ ਤੋਂ ਇਲਾਵਾ, ਚੀਨ ਵਰਤਮਾਨ ਵਿਚ ਬਜ਼ੁਰਗਾਂ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, 2024 ਦੇ ਅੰਤ ਤੱਕ ਚੀਨ ਵਿਚ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 31 ਕਰੋੜ ਤੱਕ ਪਹੁੰਚ ਗਈ ਸੀ। 2035 ਤੱਕ, ਇਸ ਉਮਰ ਵਰਗ ਦੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ।
