ਆਰਥਿਕ ਮੰਦੀ ਦਰਿਮਆਨ ਚੀਨ ਨੌਜਵਾਨਾਂ ''ਚ ਵੱਧ ਰਹੀ ਬੇਰੁਜ਼ਗਾਰੀ ਬਾਰੇ ਤਾਜ਼ਾ ਜਾਣਕਾਰੀ ਦੇਣ ਤੋਂ ਕਰ ਰਿਹੈ ਪਰਹੇਜ਼
Wednesday, Aug 16, 2023 - 03:43 PM (IST)

ਬੀਜਿੰਗ (ਭਾਸ਼ਾ) : ਚੀਨ ਵਿਚ ਨੌਜਵਾਨਾਂ ਵਿਚਾਲੇ ਬੇਰੁਜ਼ਗਾਰੀ ਵਧਣ 'ਤੇ ਸਰਕਾਰ ਨੇ ਤਾਜ਼ਾ ਅਪਡੇਟ ਦੇਣ ਤੋਂ ਪਰਹੇਜ਼ ਕੀਤਾ ਹੈ, ਉਥੇ ਹੀ ਮੰਗਲਵਾਰ ਨੂੰ ਅਧਿਕਾਰਤ ਅੰਕੜਿਆਂ ਵਿੱਚ ਦੇਖਿਆ ਗਿਆ ਕਿ ਜੁਲਾਈ ਵਿੱਚ ਆਰਥਿਕ ਮੰਦੀ ਹੋਰ ਡੂੰਘੀ ਹੋ ਗਈ ਹੈ। ਇਸ ਦੌਰਾਨ, ਕੇਂਦਰੀ ਬੈਂਕ ਨੇ ਅਚਾਨਕ ਮੁੱਖ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਜੂਨ ਵਿੱਚ ਇੱਕ ਸਰਵੇਖਣ ਵਿੱਚ 16 ਤੋਂ 24 ਸਾਲ ਦੀ ਉਮਰ ਦੇ ਸ਼ਹਿਰੀ ਕੰਮ ਕਰਨ ਵਾਲੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ 21.3 ਫ਼ੀਸਦੀ ਪਾਈ ਗਈ ਅਤੇ ਆਬਾਦੀ ਦੇ ਇਸ ਹਿੱਸੇ ਨੂੰ ਮਹਾਮਾਰੀ ਤੋਂ ਬਾਅਦ ਅਰਥ-ਵਿਵਸਥਾ ਦੇ ਪਟੜੀ 'ਤੇ ਪਰਤਣ 'ਤੇ ਕੰਮ ਨਹੀਂ ਮਿਲ ਸਕਿਆ।
ਹਾਲਾਂਕਿ, ਉਮਰ ਸਮੂਹ ਦੇ ਆਧਾਰ 'ਤੇ ਬੇਰੁਜ਼ਗਾਰੀ ਦਰਾਂ ਦਾ ਪ੍ਰਕਾਸ਼ਨ ਸ਼ੱਕੀ ਹੈ, ਜਦੋਂ ਕਿ ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਡਾਟਾ ਨੂੰ ਕਿਵੇਂ ਮਾਪਿਆ ਜਾਵੇ। ਬਿਊਰੋ ਦੇ ਬੁਲਾਰੇ ਫੂ ਲਿੰਗੁਈ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਸ਼ਹਿਰੀ ਕਾਮਿਆਂ ਵਿੱਚ ਸਮੁੱਚੀ ਬੇਰੁਜ਼ਗਾਰੀ 5.3 ਫ਼ੀਸਦੀ ਰਹੀ ਹੈ, ਜੋ ਜੂਨ ਤੋਂ 0.1 ਫ਼ੀਸਦੀ ਤੱਕ ਵੱਧ ਹੈ।
ਫੂ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, "ਬੇਰੁਜ਼ਗਾਰੀ ਦੀ ਸਥਿਤੀ ਆਮ ਤੌਰ 'ਤੇ ਸਥਿਰ ਹੈ।" ਫੂ ਦੇ ਅਨੁਸਾਰ, ਖਪਤਕਾਰਾਂ ਦੇ ਖਰਚਿਆਂ ਵਿੱਚ ਵਾਧਾ ਇੱਕ ਸਾਲ ਪਹਿਲਾਂ ਦੇ ਜੁਲਾਈ ਮਹੀਨੇ ਦੀ ਤੁਲਨਾ ਵਿਚ ਘੱਟ ਕੇ 2.5 ਫ਼ੀਸਦੀ ਰਹਿ ਗਿਆ ਹੈ। ਮੰਗਲਵਾਰ ਦੇ ਅੰਕੜਿਆਂ ਦੇ ਅਨੁਸਾਰ, ਫੈਕਟਰੀ ਉਤਪਾਦਨ ਵਿੱਚ ਵਾਧਾ 4.4 ਫ਼ੀਸਦੀ ਤੋਂ ਘੱਟ ਕੇ 3.7 ਫ਼ੀਸਦੀ ਹੋ ਗਿਆ ਹੈ। ਮਹਿੰਗਾਈ ਨੂੰ ਕੰਟਰੋਲ ਵਿਚ ਕਰਨ ਲਈ ਅਮਰੀਕਾ, ਯੂਰਪੀ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਬਾਅਦ ਨਿਰਯਾਤ ਦੀ ਮੰਗ ਘੱਟਣ 'ਤੇ ਅਜਿਹਾ ਹੋਇਆ। ਪੀਪਲਜ਼ ਬੈਂਕ ਆਫ਼ ਚਾਈਨਾ ਨੇ ਬੈਂਕਾਂ ਨੂੰ ਇੱਕ ਹਫ਼ਤੇ ਦੇ ਕਰਜ਼ੇ 'ਤੇ ਵਿਆਜ ਦਰ 1.9 ਫ਼ੀਸਦੀ ਤੋਂ ਘਟਾ ਕੇ 1.8 ਫ਼ੀਸਦੀ ਕਰ ਦਿੱਤੀ ਹੈ।