ਆਬਾਦੀ ਵਧਾਉਣ ਲਈ ਨਵੀਂ ਨੀਤੀ ਲਿਆਏਗਾ ਚੀਨ, ਵਿਆਹ ਸੌਖਾ ਤੇ ਤਲਾਕ ਲੈਣਾ ਹੋਵੇਗਾ ਔਖਾ
Thursday, Aug 15, 2024 - 03:46 PM (IST)
ਬੀਜਿੰਗ : ਚੀਨ ਵਿਚ ਸਰਕਾਰ ਨੇ ਵਿਆਹ ਦੇ ਨਿਯਮਾਂ ਵਿਚ ਢਿੱਲ ਦੇਣ ਤੇ ਤਲਾਕ ਦੇ ਨਿਯਮਾਂ ਨੂੰ ਸਖ਼ਤ ਕਰਨ ਲਈ ਇੱਕ ਨਵੇਂ ਕਾਨੂੰਨ ਦਾ ਪ੍ਰਸਤਾਵ ਕੀਤਾ ਹੈ। ਇਸ ਕਾਨੂੰਨ ਦਾ ਉਦੇਸ਼ ਪਰਿਵਾਰ-ਪੱਖੀ ਸਮਾਜ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਸਤਾਵਿਤ ਕਾਨੂੰਨ ਦੇ ਤਹਿਤ ਹੁਣ ਵਿਆਹ ਲਈ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਇਸ ਦਾ ਮਤਲਬ ਹੈ ਕਿ ਲੋਕ ਆਪਣੇ ਜੱਦੀ ਨਿਵਾਸ ਸਥਾਨ ਦੀ ਬਜਾਏ ਕਿਸੇ ਵੀ ਖੇਤਰ ਵਿੱਚ ਆਪਣਾ ਵਿਆਹ ਰਜਿਸਟਰ ਕਰ ਸਕਣਗੇ। ਤਲਾਕ ਦੇ ਮਾਮਲੇ ਵਿਚ ਸਖਤੀ ਕਰਦੇ ਹੋਏ ਨਵੇਂ ਕਾਨੂੰ ਦੇ ਤਹਿਤ 30 ਦਿਨ ਦੀ 'ਕੂਲਿੰਗ-ਆਫ' ਮਿਆਦ ਲਾਈ ਗਈ ਹੈ। ਇਸ ਸਮੇਂ ਦੌਰਾਨ, ਕੋਈ ਵੀ ਧਿਰ ਤਲਾਕ ਦੀ ਪ੍ਰਕਿਰਿਆ ਨੂੰ ਰੋਕ ਸਕਦੀ ਹੈ।
ਇਹ ਕਦਮ ਸਮਾਜ ਵਿਚ ਵਿਆਹ ਦੀ ਸਥਿਰਤਾ ਨੂੰ ਬਣਾਈ ਰੱਖਣ ਅਤੇ ਤਲਾਕ ਦੀ ਦਰ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ ਅਤੇ ਇਸ ਲਈ 11 ਸਤੰਬਰ ਤੱਕ ਲੋਕਾਂ ਤੋਂ ਸੁਝਾਅ ਮੰਗੇ ਜਾ ਰਹੇ ਹਨ। ਇਸ ਤੋਂ ਬਾਅਦ ਹੀ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਚੀਨੀ ਸਰਕਾਰ ਦਾ ਇਹ ਕਦਮ ਘਟਦੀ ਆਬਾਦੀ ਦਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਪਿਛਲੇ ਕੁਝ ਸਾਲਾਂ 'ਚ ਚੀਨ 'ਚ ਵਿਆਹ ਅਤੇ ਜਨਮ ਦਰ 'ਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਸਰਕਾਰ ਚਿੰਤਤ ਹੈ। ਇਸ ਨਵੇਂ ਕਾਨੂੰਨ ਰਾਹੀਂ ਸਰਕਾਰ ਵਿਆਹ ਅਤੇ ਪਰਿਵਾਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਹਾਲਾਂਕਿ ਇਸ ਕਾਨੂੰਨ ਨੂੰ ਲੈ ਕੇ ਸਮਾਜ ਵਿੱਚ ਮਿਲੀ-ਜੁਲੀ ਪ੍ਰਤੀਕਿਰਿਆ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਅਵਿਵਹਾਰਕ ਹੈ। ਸੋਸ਼ਲ ਮੀਡੀਆ ਪਲੇਟਫਾਰਮ ਵੇਈਬੋ 'ਤੇ ਇਕ ਉਪਭੋਗਤਾ ਨੇ ਇਸ ਨੂੰ 'ਮੂਰਖਤਾ ਵਾਲਾ ਨਿਯਮ' ਕਰਾਰ ਦਿੱਤਾ ਤੇ ਕਿਹਾ ਕਿ ਇਸ ਨਾਲ ਵਿਆਹ ਕਰਨਾ ਆਸਾਨ ਹੋਵੇਗਾ, ਪਰ ਤਲਾਕ ਲੈਣਾ ਔਖਾ ਹੋ ਜਾਵੇਗਾ। ਚੀਨ ਨੇ ਪਿਛਲੇ ਸਾਲਾਂ ਦੌਰਾਨ ਆਬਾਦੀ ਨਿਯੰਤਰਣ ਅਤੇ ਪਰਿਵਾਰ ਨਿਯੋਜਨ ਲਈ ਕਈ ਨੀਤੀਆਂ ਲਾਗੂ ਕੀਤੀਆਂ ਸਨ, ਜਿਸ ਨੂੰ ਬਾਅਦ ਵਿਚ ਦੋ ਤੇ ਫਿਰ ਤਿੰਨ ਬੱਚਿਆਂ ਤਕ ਦੀ ਆਗਿਆ ਦਿੱਤੀ ਗਈ। ਇਸ ਦੇ ਬਾਅਦ ਵੀ ਆਬਾਦੀ ਵਿਚ ਗਿਰਾਵਟ ਜਾਰੀ ਰਹੀ ਤੇ ਸਰਕਾਰ ਹੁਣ ਵਿਆਹ ਤੇ ਪਰਿਵਾਰ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ਵਿਚ ਬਦਲਾਅ ਕਰ ਰਹੀ ਹੈ।