ਯੁੱਧ ਦੀ ਤਿਆਰੀ ''ਚ ਚੀਨ! ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦਿੱਤੇ ਫੌਜ ਸਮਰਥਾ ਮਜ਼ਬੂਤ ਕਰਨ ਦੇ ਹੁਕਮ
Tuesday, May 26, 2020 - 10:05 PM (IST)
ਪੇਈਚਿੰਗ (ਏਜੰਸੀਆਂ): ਭਾਰਤ ਦੇ ਨਾਲ ਸਰਹੱਦੀ ਵਿਵਾਦ ਅਤੇ ਅਮਰੀਕਾ ਨਾਲ ਕੋਰੋਨਾ ਵਾਇਰਸ ਪੈਦਾ ਹੋਣ ਨੂੰ ਲੈ ਕੇ ਚੱਲ ਰਹੇ ਵਿਰੋਧ ਦੇ ਵਿਚਾਲੇ ਚੀਨ ਨੇ ਮੰਗਲਵਾਰ ਨੂੰ ਵੱਡਾ ਕਦਮ ਚੁੱਕਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਹਥਿਆਰਬੰਦ ਬਲਾਂ ਨੂੰ ਫੌਜੀਆਂ ਦੀ ਟ੍ਰੇਨਿੰਗ ਮਜ਼ਬੂਤ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੀਨ ਦੀ ਰਾਸ਼ਟਰੀ ਸੁਰੱਖਿਆ 'ਤੇ ਪੈ ਰਹੇ ਸਿੱਧੇ ਅਸਰ ਤੋਂ ਨਿਪਟਣ ਨੂੰ ਤਿਆਰ ਰਹਿਣ ਲਈ ਕਿਹਾ ਹੈ।
ਚੀਨੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਸ਼ੀ ਜਿਨਪਿੰਗ ਨੇ ਕਿਹਾ ਹੈ, 'ਦੇਸ਼ ਦੇ ਫੌਜੀਆਂ ਦੀ ਟ੍ਰੇਨਿੰਗ ਮਜ਼ਬੂਤ ਕਰਨਾ ਤੇ ਯੁੱਧ ਲਈ ਤਿਆਰ ਹੋਣਾ, ਰਾਸ਼ਟਰੀ ਪ੍ਰਭੂਸੱਤਾ ਦੀ ਰੱਖਿਆ ਕਰਨਾ ਤੇ ਦੇਸ਼ ਦੀ ਸਮੁੱਚੀ ਰਣਨੀਤਕ ਸਥਿਰਤਾ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ।'
2 ਦਿਨ ਪਹਿਲਾਂ ਹੀ ਚੀਨ ਦੇ ਚੋਟੀ ਦੇ ਡਿਪਲੋਮੈਟ ਵਾਂਗ ਯੀ ਨੇ ਚੀਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਲਈ ਜ਼ਿੰਮੇਦਾਰ ਠਹਿਰਾਉਣ ਸਬੰਧੀ ਅਫਵਾਹਾਂ ਨੂੰ ਫੈਲਾਉਣ ਲਈ ਕੁਝ ਅਮਰੀਕੀ ਨੇਤਾਵਾਂ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕੀਤੀ ਸੀ। ਵਾਂਗ ਨੇ ਕਿਹਾ ਸੀ, ਅਮਰੀਕਾ ਚੀਨ ਨਾਲ ਆਪਣੇ ਸਬੰਧਾਂ ਨੂੰ ਇਕ ਨਵੀਂ ਕੋਲਡ ਵਾਰ ਵੱਲ ਧਕੇਲ ਰਿਹਾ ਹੈ। ਚੀਨ ਦੇ ਸਟੇਟ ਕੌਂਸਲਰ ਤੇ ਵਿਦੇਸ਼ ਮੰਤਰੀ ਨੇ ਵੀ ਕੋਰੋਨਾ ਵਾਇਰਸ ਮਹਾਮਾਰੀ 'ਤੇ ਅਮਰੀਕਾ ਦੇ ਝੂਠ ਨੂੰ ਖਾਰਿਜ ਕਰ ਦਿੱਤਾ।