ਚੀਨ ਨੇ ਭਾਰਤ ਨਾਲ ਫੌਜੀ ਅੜਿੱਕੇ ਦਰਮਿਆਨ ਨਵਾਂ ਸਰਹੱਦੀ ਜ਼ਮੀਨ ਕਾਨੂੰਨ ਕੀਤਾ ਪਾਸ
Monday, Oct 25, 2021 - 10:59 AM (IST)
ਪੇਈਚਿੰਗ (ਭਾਸ਼ਾ)- ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ‘ਪਵਿੱਤਰ ਅਤੇ ਬਰਕਰਾਰ’ ਦੱਸਦੇ ਹੋਏ ਚੀਨ ਦੀ ਸੰਸਦ ਨੇ ਸਰਹੱਦੀ ਇਲਾਕਿਆਂ ਦੀ ਹਿਫਾਜ਼ਤ ਅਤੇ ਵਰਤੋਂ ਸਬੰਧੀ ਇਕ ਨਵਾਂ ਕਾਨੂੰਨ ਅਪਨਾਇਆ ਹੈ, ਜਿਸ ਦਾ ਅਸਰ ਭਾਰਤ ਨਾਲ ਚੀਨ ਦੇ ਸਰਹੱਦੀ ਵਿਵਾਦ ’ਤੇ ਪੈ ਸਕਦਾ ਹੈ। ਨੈਸ਼ਨਲ ਪੀਪਲਸ ਕਾਂਗਰਸ (ਐੱਨ. ਪੀ. ਸੀ.) ਦੀ ਸਥਾਈ ਕਮੇਟੀ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਸੰਸਦ ਦੀ ਬੈਠਕ ’ਚ ਇਸ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ। ਇਹ ਕਾਨੂੰਨ ਅਗਲੇ ਸਾਲ ਇਕ ਜਨਵਰੀ ਤੋਂ ਹੋਂਦ ’ਚ ਆਵੇਗਾ। ਇਸਦੇ ਅਨੁਸਾਰ, "ਪੀਪਲਜ਼ ਰੀਪਬਲਿਕ ਆਫ਼ ਚਾਈਨਾ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪਵਿੱਤਰ ਅਤੇ ਬਰਕਰਾਰ ਹੈ।"
ਕਾਨੂੰਨ ’ਚ ਇਹ ਵੀ ਕਿਹਾ ਗਿਆ ਹੈ ਕਿ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ, ਆਰਥਿਕ ਅਤੇ ਸਮਾਜਿਕ ਵਿਕਾਸ ’ਚ ਮਦਦ ਦੇਣ, ਸਰਹੱਦੀ ਖੇਤਰਾਂ ਨੂੰ ਖੋਲ੍ਹਣ, ਅਜਿਹੇ ਖੇਤਰਾਂ ’ਚ ਜਨਸੇਵਾ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਉਸ ਨੂੰ ਉਤਸ਼ਾਹ ਦੇਣ ਅਤੇ ਉੱਥੇ ਦੇ ਲੋਕਾਂ ਦੇ ਜੀਵਨ ਅਤੇ ਕੰਮਾਂ ’ਚ ਮਦਦ ਦੇਣ ਲਈ ਦੇਸ਼ ਕਦਮ ਚੁੱਕ ਸਕਦਾ ਹੈ। ਚੀਨ ਸਰਹੱਦਾਂ ’ਤੇ ਰੱਖਿਆ, ਸਮਾਜਿਕ ਅਤੇ ਆਰਥਿਕ ਵਿਕਾਸ ’ਚ ਤਾਲਮੇਲ ਨੂੰ ਉਤਸ਼ਾਹ ਦੇਣ ਲਈ ਯਤਨ ਕਰ ਸਕਦਾ ਹੈ। ਕਾਨੂੰਨ ਦੇ ਅਨੁਸਾਰ ਦੇਸ਼ ਬਰਾਬਰੀ, ਆਪਸੀ ਵਿਸ਼ਵਾਸ ਅਤੇ ਦੋਸਤਾਨਾ ਗੱਲਬਾਤ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਗੁਆਂਢੀ ਦੇਸ਼ਾਂ ਨਾਲ ਜ਼ਮੀਨੀ ਸਰਹੱਦੀ ਮੁੱਦਿਆਂ ਨਾਲ ਨਜਿੱਠੇਗਾ ਅਤੇ ਕਾਫ਼ੀ ਸਮੇਂ ਤੋਂ ਲਟਕੇ ਸਰਹੱਦੀ ਮੁੱਦਿਆਂ ਅਤੇ ਵਿਵਾਦਾਂ ਦੇ ਢੁੱਕਵੇਂ ਹੱਲ ਲਈ ਗੱਲਬਾਤ ਦਾ ਸਹਾਰਾ ਲਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਚੀਨੀ ਫ਼ੌਜ ਅਭਿਆਸ ਕਰਕੇ ਅਤੇ ਹਮਲਿਆਂ, ਘੁਸਪੈਠ, ਉਕਸਾਉਣਾ ਅਤੇ ਹੋਰ ਗਤੀਵਿਧੀਆਂ ਨੂੰ ਸਖ਼ਤੀ ਨਾਲ ਰੋਕਣ ਲਈ ਸਰਹੱਦ 'ਤੇ ਆਪਣੀ ਡਿਊਟੀ ਨਿਭਾਏਗੀ।
ਇਹ ਵੀ ਪੜ੍ਹੋ : ਹੁਨਰਮੰਦ ਪ੍ਰਵਾਸੀਆਂ ਤੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਜਲਦੀ ਖੋਲ੍ਹੇਗਾ ਆਸਟ੍ਰੇਲੀਆ
ਨਵੇਂ ਕਾਨੂੰਨ ਵਿਚ ਸਰਹੱਦਾਂ 'ਤੇ ਵਪਾਰਕ ਖੇਤਰਾਂ ਦੀ ਸਥਾਪਨਾ ਅਤੇ ਸਰਹੱਦੀ ਆਰਥਿਕ ਸਹਿਯੋਗ ਖ਼ੇਤਰ ਬਣਾਉਣ ਦਾ ਪ੍ਰਸਤਾਵ ਕਰਦਾ ਹੈ। ਬੀਜਿੰਗ ਨੇ ਆਪਣੇ 12 ਗੁਆਂਢੀਆਂ ਨਾਲ ਸਰਹੱਦੀ ਵਿਵਾਦ ਸੁਲਝਾ ਲਏ ਹਨ ਪਰ ਭਾਰਤ ਅਤੇ ਭੂਟਾਨ ਨਾਲ ਸਰਹੱਦੀ ਸਮਝੌਤਿਆਂ ਨੂੰ ਅੰਤਮ ਰੂਪ ਨਹੀਂ ਦਿੱਤਾ ਹੈ। ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ 3,488 ਕਿਲੋਮੀਟਰ ਦੇ ਖੇਤਰ ਵਿਚ ਹੈ, ਜਦੋਂਕਿ ਭੂਟਾਨ ਨਾਲ ਚੀਨ ਦਾ ਵਿਵਾਦ 400 ਕਿਲੋਮੀਟਰ ਦੀ ਸਰਹੱਦ 'ਤੇ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਘਟਨਾਕ੍ਰਮ ਨੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਨੂੰ ਗੰਭੀਰ ਰੂਪ ਤੋਂ ਪ੍ਰਭਾਵਿਤ ਕੀਤਾ ਹੈ ਅਤੇ ਸਪੱਸ਼ਟ ਤੌਰ 'ਤੇ ਇਸ ਦਾ ਵਿਆਪਕ ਸਬੰਧਾਂ 'ਤੇ ਵੀ ਅਸਰ ਪਿਆ ਹੈ।
ਇਹ ਵੀ ਪੜ੍ਹੋ : ਸਿਡਨੀ-ਦਿੱਲੀ ਵਿਚਾਲੇ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਆਸਟ੍ਰੇਲੀਆ ਦੀ ਏਅਰਲਾਈਨ ਨੇ ਕੀਤਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।