ਹੁਣ ਕੈਨੇਡਾ ਨਾਲ ਫਸਿਆ ਚੀਨ, ਅੰਜ਼ਾਮ ਭੁਗਤਣ ਦੀ ਦਿੱਤੀ ਧਮਕੀ

07/10/2020 12:01:27 AM

ਟੋਰਾਂਟੋ - ਹੁਆਵੇਈ ਤੋਂ ਬਾਅਦ ਹੁਣ ਹਾਂਗਕਾਂਗ ਨੂੰ ਲੈ ਕੇ ਚੀਨ ਅਤੇ ਕੈਨੇਡਾ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਚੀਨ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਕਿ ਕੈਨੇਡਾ ਅੰਜ਼ਾਮ ਭੁਗਤਣ ਲਈ ਤਿਆਰ ਰਹੇ। ਇਸ ਵਿਚਾਲੇ ਚੀਨ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਨਾ ਕਰਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਚੀਨ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਸਥਾਨਕ ਸੁਰੱਖਿਆ ਦੇ ਹਾਲਾਤ ਦਾ ਖਾਸ ਧਿਆਨ ਰੱਖਣਾ ਚਾਹੀਦਾ। ਟੋਰਾਂਟੋ ਸਥਿਤ ਚੀਨੀ ਦੂਤਘਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਐਪ ਵੀ-ਚੈੱਟ 'ਤੇ ਜਾਰੀ ਕੀਤੀ।

ਹਾਂਗਕਾਂਗ ਨੂੰ ਲੈ ਕੇ ਕੈਨੇਡਾ ਨੇ ਦਿੱਤਾ ਝਟਕਾ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਦਿਨਾਂ ਪਹਿਲਾਂ ਹੀ ਹਾਂਗਕਾਂਗ ਦੇ ਨਾਲ ਆਪਣਾ ਹਵਾਲਗੀ ਸਮਝੌਤੇ ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੈਨੇਡਾ ਨੇ ਹਾਂਗਕਾਂਗ ਨੂੰ ਭੇਜੇ ਜਾਣ ਵਾਲੇ ਫੌਜੀ ਉਪਕਰਣਾਂ ਦੇ ਨਿਰਯਾਤ 'ਤੇ ਵੀ ਪਾਬੰਦੀ ਲਾ ਦਿੱਤੀ ਸੀ। ਕੈਨੇਡਾ ਨੇ ਇਹ ਕਦਮ ਚੀਨ ਦੇ ਵਿਵਾਦਤ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਹਾਂਗਕਾਂਗ ਦੇ ਉਪਰ ਲਾਗੂ ਕਰਨ ਤੋਂ ਬਾਅਦ ਚੁੱਕਿਆ ਹੈ।

ਚੀਨ ਨੇ ਕੈਨੇਡਾ ਨੂੰ ਦਿੱਤੀ ਅੰਜ਼ਾਮ ਭੁਗਤਣ ਦੀ ਧਮਕੀ
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ਿਯਾ ਨੇ ਕੈਨੇਡਾ ਦੇ ਹਾਲ ਹੀ ਦੇ ਫੈਸਲਿਆਂ ਤੋਂ ਬਾਅਦ ਕਿਹਾ ਕਿ ਚੀਨ ਸਖਤ ਸ਼ਬਦਾਂ ਵਿਚ ਇਸ ਦੀ ਨਿੰਦਾ ਕਰਦਾ ਹੈ ਅਤੇ ਇਸ ਮਾਮਲੇ ਵਿਚ ਅੱਗੇ ਵੀ ਜਵਾਬ ਦੇਣ ਦਾ ਅਧਿਕਾਰ ਰੱਖਦਾ ਹੈ। ਇਸ ਦੇ ਜਿਹੜੇ ਵੀ ਨਤੀਜੇ ਹੋਣਗੇ ਇਸ ਦੇ ਲਈ ਕੈਨੇਡਾ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਚੀਨ 'ਤੇ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ।

ਹਾਂਗਕਾਂਗ ਅਤੇ ਚੀਨ ਦੇ ਮਾਮਲਿਆਂ ਵਿਚ ਦਖਲ ਨਾ ਦੇਵੇ ਕੈਨੇਡਾ
ਚੀਨ ਨੇ ਕੈਨੇਡਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਕੈਨੇਡਾ ਤੋਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਗਲਤੀ ਨੂੰ ਤੁਰੰਤ ਠੀਕ ਕਰੇ। ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਲਈ ਕੈਨੇਡਾ ਹਾਂਗਕਾਂਗ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਤਰ੍ਹਾਂ ਦਾ ਦਖਲ ਨਾ ਦੇਵੇ।

ਹੁਆਵੇਈ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ ਤਕਰਾਰ
2018 ਵਿਚ ਜਦ ਕੈਨੇਡਾ ਨੇ ਚੀਨ ਦੀ ਕੰਪਨੀ ਹੁਆਵੇਈ ਦੇ ਚੀਫ ਫਾਈਨੈਂਸ਼ੀਅਲ ਅਫਸਰ ਮੇਂਗ ਵਾਂਗਜੋ ਨੂੰ ਗਿ੍ਰਫਤਾਰ ਕੀਤਾ ਸੀ। ਉਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧ ਖਰਾਬ ਹੋ ਗਏ ਸਨ। ਕੈਨੇਡਾ ਨੇ ਬਾਅਦ ਵਿਚ ਮੇਂਗ ਨੂੰ ਅਮਰੀਕਾ ਹਵਾਲੇ ਕਰ ਦਿੱਤਾ। ਜਿਸ ਨੂੰ ਲੈ ਕੇ ਚੀਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ। ਮੇਂਗ ਹੁਆਵੇਈ ਦੇ ਸੰਸਥਾਪਕ ਰੇਨ ਝੇਂਗਫੇਈ ਦੀ ਧੀ ਹੈ ਅਤੇ ਕੰਪਨੀ ਦੇ ਨਿਦੇਸ਼ਕ ਮੰਡਲ ਦੀ ਉਪ ਪ੍ਰਧਾਨ ਵੀ ਹੈ। ਉਸ ਨੂੰ ਅਮਰੀਕਾ ਦੇ ਬੈਂਕ ਧੋਖਾਧੜੀ ਦੇ ਦੋਸ਼ ਵਿਚ ਵੈਨਕੂਵਰ ਵਿਚ ਦਸੰਬਰ 2018 ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਉਸ ਦੇ ਉਪਰ ਈਰਾਨ ਦੀ ਸਰਕਾਰ ਨਾਲ ਆਪਣੀ ਕੰਪਨੀ ਦੇ ਸੌਦੇ ਨੂੰ ਲੈ ਕੇ ਨਿਵੇਸ਼ ਬੈਂਕ ਐਚ. ਐਸ. ਬੀ. ਸੀ. ਹੋਲਡਿੰਗਸ ਨੂੰ ਗੁਮਰਾਹ ਕਰਨ ਦਾ ਵੀ ਦੋਸ਼ ਹੈ।

ਹੁਆਵੇਈ ਚੀਨ ਦੀਆਂ ਪ੍ਰਮੁੱਖ ਕੰਪਨੀਆਂ ਵਿਚੋਂ ਇਕ ਹੈ ਅਤੇ ਇਹ ਕੰਪਨੀ ਅਮਰੀਕਾ ਦੇ ਨਾਲ ਜਾਰੀ ਤਣਾਅ ਵਿਚਾਲੇ ਨਿਸ਼ਾਨੇ 'ਤੇ ਹੈ। ਅਮਰੀਕਾ ਪਹਿਲਾਂ ਹੀ ਆਪਣੇ ਦੂਰਸੰਚਾਰ ਨੈੱਟਵਰਕ ਅਤੇ ਤਕਨਾਲੋਜੀ ਵਿਚ ਹੁਆਵੇਈ ਦੀ ਹਿੱਸੇਦਾਰੀ ਨੂੰ ਬੰਦ ਕਰ ਚੁੱਕਿਆ ਹੈ। ਅਮਰੀਕਾ ਦਾ ਆਖਣਾ ਹੈ ਕਿ 5ਜੀ ਤਕਨਾਲੋਜੀ ਵਿਚ ਹੁਆਵੇਈ ਦੀ ਹਿੱਸੇਦਾਰੀ ਦਾ ਫਾਇਦਾ ਚੁੱਕੇ ਕੇ ਚੀਨ ਜਾਸੂਸੀ ਕਰ ਸਕਦਾ ਹੈ।


Khushdeep Jassi

Content Editor

Related News